ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 12 ਨਵੰਬਰ
ਇਥੇ ਲੋੜਵੰਦ, ਬੇਸਹਾਰਾ ਅਤੇ ਰੋਜ਼ੀ-ਰੋਟੀ ਤੋਂ ਵੀ ਮੁਹਤਾਜ ਲੋਕਾਂ ਤੱਕ ਅਨਾਜ ਅਤੇ ਖਾਣ-ਪੀਣ ਦੀਆਂ ਹੋਰ ਵਸਤੂਆਂ ਪਹੁੰਚਾਉਣ ਲਈ ਦੁਨੀਆਂ ਭਰ ਵਿੱਚ ਕੰਮ ਕਰ ਰਹੀ ਅੰਤਰਰਾਸ਼ਟਰੀ ਸਮਾਜ-ਸੇਵੀ ਸੰਸਥਾ ‘ਰੌਬਿਨ ਹੁੱਡ ਆਰਮੀ’ ਨਾਲ ਸੰਬੰਧਿਤ ਜ਼ਿਲ੍ਹਾ ਫ਼ਰੀਦਕੋਟ ਇਕਾਈ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ-ਸੇਵੀ ਉਦੈ ਰੰਦੇਵ ਨੇ ਦੱਸਿਆ ਕਿ ਇਸ ਸੰਸਥਾ ਦੀਆਂ ਪੂਰੀ ਦੁਨੀਆਂ ਵਿੱਚ ਲੱਗਪੱਗ 150 ਦੇ ਕਰੀਬ ਦੇਸ਼ਾਂ ਵਿੱਚ ਸ਼ਾਖਾਵਾਂ ਹਨ। ਪੰਜਾਬ ਵਿੱਚ ਜਿੱਥੇ ਇਸ ਤੋਂ ਪਹਿਲਾਂ ਅਬੋਹਰ ਵਿਖੇ ਇਸ ਸੰਸਥਾ ਦੀ ਇਕਾਈ ਗਠਿਤ ਸੀ, ਉੱਥੇ ਹੀ ਹੁਣ ਦੂਜੀ ਇਕਾਈ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਇਕਾਈ ਦੇ ਮੁਖੀ ਡਾ ਪੁਸ਼ਪਿੰਦਰ ਸਿੰਘ ਹਨ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਲੋੜਵੰਦ ਲੋਕਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਪੜ੍ਹਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰੇਗੀ।
ਇਸ ਟੀਮ ਵਿੱਚ ਇਲਾਕੇ ਦੇ ਉੱਘੇ ਲੇਖਕ ਅਤੇ ਅਧਿਆਪਕ ਕੁਲਵਿੰਦਰ ਵਿਰਕ ਅਤੇ ਡਾ. ਦੀਪਕ ਵਰਮਾ ਵੀ ਸ਼ਾਮਲ ਹਨ। ਸੰਸਥਾ ਵੱਲੋਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਜਿਹੜੇ ਲੋੜਵੰਦ ਲੋਕਾਂ ਲਈ ਭੋਜਨ ਦੀ ਵਿਵਸਥਾ ਕਰ ਸਕਦੇ ਹਨ, ਉਹ ਇਸ ਟੀਮ ਨਾਲ ਸੰਪਰਕ ਕਰ ਸਕਦੇ ਹਨ।