ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 30 ਅਪਰੈਲ
ਇੱਥੋਂ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂਂ ਕਣਕ ਦੇ ਵੱਢ ਰਹਿੰਦ ਖੁੰਹਦ ਨੂੰ ਬੇਖੌਫ਼ ਹੋ ਕੇ ਅੱਗ ਲਗਾਈ ਜਾ ਰਹੀ ਹੈ। ਇਸ ਕਾਰਨ ਵਾਤਾਵਰਣ ਪ੍ਰੇਮੀ ਪ੍ਰੇਸ਼ਾਨ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀਆਂ ਧੱਜੀਆਂ ਵੀ ਉੱਡ ਰਹੀਆਂ ਹਨ। ਮਾਲ ਵਿਭਾਗ ਦੇ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਪਿਛਲੇ ਸਮੇਂ ’ਚ ਵੀ ਕਣਕ ,ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ਼ ਕਾਰਵਾਈ ਹੋਈ ਸੀ। ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਵੱਲੋਂ ਵਿਰੋਧ ਅਤੇ ਮੁਲਾਜ਼ਮਾਂ ਦੀ ਅਸੁਰੱਖਿਆ ਕਾਰਨ ਅੱਗ ਲਈ ਕਾਨੂੰਨ ਠੰਡੇ ਬਸਤੇ ਵਿੱਚ ਪੈ ਗਏ ਹਨ। ਸੈਟਲਾਈਟ ਰਾਹੀਂ ਕਾਗਜ਼ੀ ਕਾਰਵਾਈ ਕਾਗਜ਼ਾਂ ਵਿੱਚ ਹੀ ਰਹਿ ਜਾਂਦੀ ਹੈ। ਸਰਕਾਰ ਇਸ ਦਾ ਹੱਲ ਲੱਭੇ। ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀਆਂ ਹਰਬੰਸ ਸਿੰਘ ਢਿੱਲੋਂ, ਡਾ. ਸੁਖਵਿੰਦਰ ਸਿੰਘ ਭਦੌੜ, ਮਾ. ਜਗਦੇਵ ਸਿੰਘ ਸੌਂਦ ,ਐਡਵੋਕੇਟ ਜੁਪਿੰਦਰ ਸਿੰਘ ਸਿੱਧੂ ਤੇ ਹਰਬੰਸ ਸਿੰਘ ਗਰੇਵਾਲ ਨੇ ਕਿਹਾ ਕਿ ਕਣਕ ਦੀ ਰਹਿੰਦ ਖੂੰਹਦ ਨੂੰ ਲਗਾਈ ਅੱਗ ਨਾਲ ਹਜ਼ਾਰਾਂ ਕੀਟ ਪਤੰਗੇ ਛੋਟੇ ਪੰਛੀ ਅਤੇ ਦਰੱਖਤ ਵੀ ਅੱਗ ਦੀ ਭੇਟ ਚੜ੍ਹਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਾਗਰੂਕ ਹੋਣ ਵਾਤਾਵਰਣ, ਪੰਛੀਆਂ ਤੇ ਰੁੱਖਾਂ ਦੀ ਵਿਰਾਸਤ ਬਚਾਉਣ ਲਈ ਅੱਗ ਲਗਾਉਣ ਤੋਂ ਗੁਰੇਜ਼ ਕਰਨ। ਜ਼ਮੀਨ ਦੀ ਉਪਜਾਉ ਸ਼ਕਤੀ ਵੀ ਨਸ਼ਟ ਹੁੰਦੀ ਹੈ। ਵੱਖ ਵੱਖ ਪਿੰਡਾਂ ਦੇ ਕਿਸਾਨਾਂ ਅੰਮ੍ਰਿਤਪਾਲ ਸਿੰਘ, ਰੇਸ਼ਮ ਸਿੰਘ, ਅਜਮੇਰ ਸਿੰਘ,ਨਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਮਜਬੂਰ ਹੋ ਕੇ ਅੱਗ ਲਗਾਊਂਦਾ ਹੈ।ਝੋਨੇ ਵਿੱਚ ਕਣਕ ਦੇ ਮੁੱਢ ਨਾ ਗਲ਼ਣ ਕਰਕੇ ਝੋਨੇ ਦੀ ਫ਼ਸਲ ਵਧੀਆ ਨਹੀਂ ਹੁੰਦੀ। ਕਣਕ ਦੇ ਮੁੱਢਾਂ ਨੂੰ ਗਾਲਣ ਵਾਹੁਣ ਉੱਤੇ ਤਿੰਨ ਚਾਰ ਹਜ਼ਾਰ ਰੁਪਏ ਕਰੀਬ ਪ੍ਰਤੀ ਏਕੜ ਖਰਚਾ ਹੁੰਦਾ ਹੈ। ਸਰਕਾਰ ਕਿਸਾਨ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਰਾਸ਼ੀ ਦੇਵੇ ।