ਜਸਵੰਤ ਜੱਸ
ਫਰੀਦਕੋਟ, 30 ਮਈ
ਫਰੀਦਕੋਟ ਸ਼ਹਿਰ ਵਾਸੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਅੱਜ ਇੱਥੋਂ ਦੀ ਸ਼ੂਗਰ ਮਿੱਲ ਦੇ ਉਜਾੜੇ ਗਏ ਜੰਗਲ ਵਿੱਚ ਹਜ਼ਾਰਾਂ ਨਵੇਂ ਬੂਟੇ ਲਾਏ। ਜ਼ਿਕਰਯੋਗ ਹੈ ਕਿ ਸ਼ੂਗਰ ਫੈੱਡ ਨੇ ਖੰਡ ਮਿੱਲ ਵਿੱਚ ਖੜ੍ਹੇ ਹਜ਼ਾਰਾਂ ਰੁੱਖਾਂ ਨੂੰ ਪੁੱਟਣ ਦਾ ਠੇਕਾ ਇਕ ਨਿੱਜੀ ਫਰਮ ਨੂੰ ਦੇ ਦਿੱਤਾ ਸੀ। 67 ਲੱਖ ਰੁਪਏ ਵਿੱਚ ਇਨ੍ਹਾਂ ਰੁੱਖਾਂ ਦੀ ਨਿਲਾਮੀ ਹੋਈ ਸੀ, ਜਿਸ ਦਾ ਸ਼ਹਿਰ ਵਾਸੀਆਂ ਨੇ ਤਿੱਖਾ ਵਿਰੋਧ ਕੀਤਾ। ਲੋਕਾਂ ਦੇ ਰੋਸ ਤੋਂ ਬਾਅਦ ਜੰਗਲ ਦੀ ਕਟਾਈ ਰੋਕ ਦਿੱਤੀ ਗਈ, ਪਰ ਇਸ ਤੋਂ ਪਹਿਲਾਂ ਇਸ ਜੰਗਲ ਵਿੱਚੋਂ ਹਜ਼ਾਰਾਂ ਰੁੱਖ ਵੱਢ ਲਏ ਸਨ, ਜਿਸ ਕਰਕੇ ਇਸ ਜੰਗਲ ਵਿੱਚ ਰਹਿੰਦੇ ਹਜ਼ਾਰਾਂ ਪੰਛੀਆਂ ਦੀ ਹੋਂਦ ਵੀ ਖ਼ਤਰੇ ਵਿੱਚ ਪੈ ਗਈ ਸੀ। ਕੈਪਟਨ ਧਰਮ ਸਿੰਘ ਗਿੱਲ, ਗੁਰਦਿੱਤ ਸਿੰਘ ਸੇਖੋਂ, ਹਰਬਰਿੰਦਰ ਸਿੰਘ ਹੈਪੀ ਬਰਾੜ, ਬੇਅੰਤ ਕੌਰ ਸੇਖੋਂ, ਸੁਖਵੰਤ ਸਿੰਘ, ਸੁਰਿੰਦਰ ਸਿੰਘ ਸਾਧਾਂਵਾਲਾ ਕਿਹਾ ਕਿ ਜਿੱਥੇ ਰੁੱਖ ਕੱਟੇ ਗਏ ਸਨ ਉਥੇ ਨਵੇਂ ਬੂਟੇ ਲਾ ਦਿੱਤੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਜੰਗਲਾਤ ਵਿਭਾਗ ਅਤੇ ਸ਼ੂਗਰਫੈੱਡ ਆਪਸ ਵਿੱਚ ਮਿਲ ਕੇ ਰੁੱਖਾਂ ਦੀ ਗੈਰਕਾਨੂੰਨੀ ਤਰੀਕੇ ਨਾਲ ਕਟਾਈ ਕਰਵਾ ਰਹੇ ਸਨ। ਗੁਰਦਿੱਤ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਹੁਣ ਸਿਆਸੀ ਦਖ਼ਲ-ਅੰਦਾਜ਼ੀ ਦੇ ਚੱਲਦਿਆਂ ਸ਼ੂਗਰ ਮਿੱਲ ਵਿੱਚ ਜੰਗਲਾਤ ਵਿਭਾਗ ਨੇ ਰੁੱਖਾਂ ਦੀ ਗਿਣਤੀ ਵਿੱਚ ਰੋਕ ਦਿੱਤੀ ਹੈ।
ਜੰਗਲ ਵਿੱਚ ਖੜ੍ਹੇ ਦਰੱਖਤਾਂ ਦੀ ਗਿਣਤੀ ਦੇ ਹੁਕਮੇ ਦਿੱਤੇ: ਡੀਸੀ
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਜੰਗਲਾਤ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸ਼ੂਗਰ ਮਿੱਲ ਵਿੱਚ ਖੜ੍ਹੇ ਰੁੱਖਾਂ ਦੀ ਗਿਣਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਪ੍ਰਸ਼ਾਸਨ ਇਸ ਮਾਮਲੇ ਵਿਚ ਆਪਣੀ ਕਾਰਵਾਈ ਕਰੇਗਾ।