ਨਿਜੀ ਪੱਤਰ ਪ੍ਰੇਰਕ
ਫ਼ਰੀਦਕੋਟ, 7 ਅਪਰੈਲ
ਬੁੱਢੇ ਨਾਲੇ ਦੇ ਜਹਿਰੀਲੇ ਪਾਣੀ ਨੂੰ ਸਤਲੁਜ ਦਰਿਆ ਵਿੱਚ ਸੁੱਟਣ ਤੋਂ ਰੋਕਣ ਲਈ ਵਾਤਾਵਰਣ ਪ੍ਰੇਮੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਬੁੱਢੇ ਨਾਲੇ ਦੇ ਵੱਖ-ਵੱਖ ਥਾਵਾਂ ਜਮਾਲਪੁਰ ਨੇੜੇ ਸੈਂਟਰਲ ਜੇਲ੍ਹ, ਕਾਸਾਬਾਦ, ਲਾਡੋ ਰੋਡ ਕੋਲ ਦਰਿਆ ਦੇ ਬੰਨ੍ਹ ਦੇ ਅੰਦਰ ਲਾਈ ਹੱਡਾਰੋੜੀ, ਗੌਂਂਸਪੁਰ ਤੇ ਵਲੀਪੁਰ ਜਿੱਥੇ ਸਤਲੁਜ ਤੇ ਬੁੱਢੇ ਨਾਲੇ ਦਾ ਸੁਮੇਲ ਹੁੰਦਾ ਹੈ, ਉਨ੍ਹਾਂ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਫੈਕਟਰੀਆਂ ਦੇ ਮਾਲਕਾਂ ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕੀਤੀ ਜਾਵੇ, ਜੇ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਤਾਂ ਉਨ੍ਹਾਂ ਫੈਕਟਰੀਆਂ ਦੇ ਮਾਲਕਾਂ ਤੇ ਅਧਿਕਾਰੀਆਂ ’ਤੇ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਜਾਣ। ਵਾਤਾਵਰਣ ਪ੍ਰੇਮੀਆਂ ਦੇ ਵਫ਼ਦ ’ਚ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਤੇ ਕਨਵੀਨਰ ਨਰੋਆ ਪੰਜਾਬ ਮੰਚ, ਫਿਲਮੀ ਅਦਾਕਾਰ ਅਮਿਤੋਜ ਮਾਨ, ਲੱਖਾ ਸਿਧਾਣਾ, ਪੱਤਰਕਾਰ ਹਮੀਰ ਸਿੰਘ, ਸਰਬਜੀਤ ਸਿੰਘ ਧਾਲੀਵਾਲ, ਇੰਜ. ਜਸਕੀਰਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਲੋਕ ਖੁਦ ਜਾਗਰੂਕ ਹੋ ਕੇ ਅੱਗੇ ਨਹੀਂ ਆਉਂਦੇ, ਉਦੋਂ ਤੱਕ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ। ਹਮੀਰ ਸਿੰਘ ਨੇ ਕਿਹਾ ਕਿ ਇਸ ਪ੍ਰਦੂਸ਼ਣ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕੀਤੀ ਜਾਵੇ।