ਗੁਰਪ੍ਰੀਤ ਸਿੰਘ
ਸਾਦਿਕ, 9 ਜੂਨ
ਇੱਥੋਂ ਨੇੜਲੇ ਪਿੰਡ ਪਿੰਡੀ ਬਲੌਚ ਵਿਖੇ ਘਰ ਵਿੱਚ ਦਾਖਲ ਹੋ ਕੇ ਅਣਪਛਾਤਿਆਂ ਵੱਲੋਂ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ (25) ’ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਅਤੇ ਮਗਰੋਂ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਨੇੜਲੇ ਪਿੰਡੋਂ ਭੋਗ ਤੋਂ ਘਰ ਪਰਤ ਰਹੇ ਸਨ ਤੇ ਉਨ੍ਹਾਂ ਦੇ ਮਗਰ ਹੀ ਆ ਕੇ ਰੁਕੀ ਕਰੋਲਾ ਕਾਰ ਵਿੱਚੋਂ ਉੱਤਰੇ ਨੌਜਵਾਨਾਂ ਨੇ ਆਖਿਆ ਕਿ ਉਹ ਅਰਸ਼ ਨੂੰ ਮਿਲਣ ਆਏ ਹਨ। ਇਸ ਮਗਰੋਂ ਘਰ ਅੰਦਰ ਜਾ ਕੇ ਪਿਤਾ ਨੇ ਅਰਸ਼ ਨੂੰ ਬਾਹਰ ਭੇਜਿਆ ਤਾਂ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਜ਼ਖਮੀ ਹੋਏ ਅਰਸ਼ਦੀਪ ਨੂੰ ਪਰਿਵਾਰ ਤੇ ਪਿੰਡ ਵਾਲਿਆਂ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿੱਚ ਇਲਾਜ ਦਾਖ਼ਲ ਕਰਵਾਇਆ ਜਿਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦਾ ਪਤਾ ਚਲਦਿਆਂ ਹੀ ਐਸਐਸਪੀ ਫਰੀਦਕੋਟ ਮੈਡਮ ਅਵਨੀਤ ਕੌਰ ਤੇ ਥਾਣਾ ਮੁਖੀ ਸਾਦਿਕ ਅਮਨਦੀਪ ਸਿੰਘ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਅਨੁਸਾਰ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।