ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 27 ਮਾਰਚ
ਜਲਾਲਾਬਾਦ ਨਾਲ ਸਬੰਧਤ ਇੱਕ ਲੜਕੀ ਨਾਲ ਮੰਗਣੀ ਕਰਵਾਉਣ ਮਗਰੋਂ ਅੱਜ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਗਏ ਨੌਜਵਾਨ ਨੂੰ ਥਾਣਾ ਸਿਟੀ ਜਲਾਲਾਬਾਦ ਦੀ ਪੁਲੀਸ ਨੇ ਉਸ ਦੀ ਪ੍ਰੇਮਿਕਾ ਸਣੇ ਥਾਣੇ ਲੈ ਆਂਦਾ। ਪੀੜਤ ਲੜਕੀ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮੰਗਣੀ ’ਤੇ ਵਿਆਹ ਜਿੰਨਾ ਖਰਚ ਕੀਤਾ ਸੀ। ਉਨ੍ਹਾਂ ਨੇ 4 ਅਪਰੈਲ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਇਸੇ ਦੌਰਾਨ ਲੜਕੇ ਨੇ ਅੱਜ ਕਿਤੇ ਹੋਰ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਸਿਟੀ ਜਲਾਲਾਬਾਦ ਦੀ ਪੁਲੀਸ ਨੂੰ ਦਿੱਤੀ। ਸਵਰਨ ਵਾਸੀ ਕੂਟੀ (ਗੁਰੂਹਰਸਹਾਏ) ਦਾ ਜਲਾਲਾਬਾਦ ਦੀ ਹਾਈ ਸਕੂਲ ਬਸਤੀ ਵਾਸੀ ਲੜਕੀ ਨਾਲ ਵਿਆਹ ਤੈਅ ਹੋਇਆ ਸੀ ਪਰ ਲੜਕੇ ਦੇ ਕਿਸੇ ਹੋਰ ਲੜਕੀ ਨਾਲ ਪ੍ਰੇਮ ਸਬੰਧ ਸਨ, ਜਿਸ ਬਾਰੇ ਪੀੜਤ ਪਰਿਵਾਰ ਨੂੰ ਜਾਣਕਾਰੀ ਨਹੀਂ ਸੀ। ਇਸੇ ਦੌਰਾਨ ਲੜਕੇ ਦੀ ਪ੍ਰੇਮਿਕਾ ਨੇ ਉਸ ’ਤੇ ਵਿਆਹ ਕਰਵਾਉਣ ਲਈ ਦਬਾਅ ਬਣਾਇਆ ਤਾਂ ਲੜਕੇ ਨੇ ਮਾਪਿਆਂ ਨਾਲ ਰਲ ਕੇ ਚੁੱਪ-ਚੁਪੀਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਅੱਜ ਜਦੋਂ ਸ਼ਹਿਰ ਦੇ ਗੁਰਦੁਆਰੇ ’ਚ ਲੜਕਾ ਤੇ ਉਸ ਦੀ ਪ੍ਰੇਮਿਕਾ ਵਿਆਹ ਕਰਵਾਉਣ ਪੁੱਜੇ ਤਾਂ ਥਾਣਾ ਸਿਟੀ ਦੀ ਪੁਲੀਸ ਨੇ ਲਾੜੇ ਤੇ ਲਾੜੀ ਨੂੰ ਥਾਣੇ ਲੈ ਆਂਦਾ। ਖ਼ਬਰ ਲਿਖੇ ਜਾਣ ਤਕ ਮੋਹਤਰਬਾਰ ਅਤੇ ਪਿੰਡ ਫੱਤੂਵਾਲਾ ਦੀ ਪੰਚਾਇਤ ਥਾਣੇ ’ਚ ਮਾਮਲੇ ਦੇ ਹੱਲ ਲਈ ਜੁਟੇ ਹੋਏ ਸਨ। ਥਾਣਾ ਸਿਟੀ ਮੁਖੀ ਮਲਕੀਤ ਸਿੰਘ ਨੇ ਕਿਹਾ ਕਿ ਵਿਆਹ ਰੁਕਵਾ ਦਿੱਤਾ ਹੈ ਤੇ ਦੋਹਾਂ ਧਿਰਾਂ ਦੀ ਗੱਲ ਸੁਣਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।