ਜਗਤਾਰ ਅਨਜਾਣ
ਮੌੜ ਮੰਡੀ, 6 ਸਤੰਬਰ
ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਲੈ ਕੇ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਬ-ਡਵੀਜ਼ਨ ਮੌੜ ਵਿੱਚ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਰੋਨਾ ਟੈਸਟਾਂ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਜਾਂ ਤਾਂ ਪੰਜਾਬ ਦੇ ਲੋਕਾਂ ਦੇ ਦੁਸ਼ਮਣ ਹਨ ਜਾਂ ਫਿਰ ਵਿਦੇਸ਼ੀ ਤਾਕਤਾਂ ਦੇ ਹੱਥਾਂ ’ਚ ਖੇਡ ਰਹੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ-19 ਨੂੰ ਜਿੰਨਾ ਪੰਜਾਬ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਦੇਸ਼ ਦੇ ਹੋਰ ਕਿਸੇ ਸੂਬੇ ਨੇ ਨਾ ਕੀਤੀ ਹੋਵੇ। ਕਿਉਂਕੀ ਪੰਜਾਬ ਸਰਕਾਰ ਨੇ ਸੂਬੇ ਅੰਦਰ ਟੈਸਟਿੰਗ ਅਤੇ ਟਰੀਟਮੈਂਟ ’ਤੇ ਜ਼ੋਰ ਦਿੱਤਾ ਹੋਇਆ ਹੈ, ਤਾਂ ਜੋ ਕੋਵਿਡ-19 ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਗੁਰੇਜ਼ ਕਰਦੇ ਹੋਏ ਟੈਸਟਿੰਗ ਮੁਹਿੰਮ ’ਚ ਸਰਕਾਰ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਮੌੜ ਹਸਪਤਾਲ ਦਾ ਦਰਜਾ ਬਹਾਲ ਕਰਕੇ ਇਸ ਨੂੰ ਅਪਗ੍ਰੇਡ ਕਰਕੇ ਹਰ ਪੱਖੋਂ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਮੌੜ ਦੇ ਕਿਰਨ ਨਰਸਿੰਗ ਹੋਮ ’ਚ ਜਣੇਪੇ ਦੌਰਾਨ ਔਰਤ ਦੀ ਹੋਈ ਮੌਤ ਸਬੰਧੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਜ਼ਿਲ੍ਹਾ ਸਿਵਲ ਸਰਜਨ ਬਠਿੰਡਾ ਨੂੰ ਆਦੇਸ਼ ਦੇ ਦਿੱਤੇ ਹਨ, ਤਾਂ ਜੋ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਆ ਸਕੇ। ਇਸ ਮੌਕੇ ਸਿਵਲ ਸਰਜਨ ਬਠਿੰਡਾ ਅਮਰੀਕ ਸਿੰਘ, ਐਸਐਮਓ ਮੌੜ ਦਰਸ਼ਨ ਕੌਰ, ਉੱਪ ਮੰਡਲ ਮੈਜਿਸਟਰੇਟ ਵਿਨੋਦ ਕੁਮਾਰ ਬਾਂਸਲ, ਤਹਿਸੀਲਦਾਰ ਮੌੜ ਰਮੇਸ਼ ਕੁਮਾਰ ਜੈਨ, ਡੀਐਸਪੀ ਰਛਪਾਲ ਸਿੰਘ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।