ਲਖਵਿੰਦਰ ਸਿੰਘ
ਮਲੋਟ, 20 ਜੂਨ
ਇਥੇ ਮਿਮਿਟ ਕਾਲਜ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਵਿੱਚ ਦੋ ਦਰਜ਼ਨ ਤੋਂ ਵਧੇਰੇ ਵੱਖ-ਵੱਖ ਕੰਪਨੀਆਂ ਨੇ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਕਟਰ ਬਲਜੀਤ ਕੌਰ ਨੇ ਕਿਹਾ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਇਸ ਰੁਜ਼ਗਾਰ ਮੇਲੇ ਵਿਚ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲਿਆ ਲਿਆ, ਕੰਪਨੀਆਂ ਵੱਲੋਂ ਚੁਣੇ ਗਏ ਨੌਜਵਾਨਾਂ ਨੂੰ ਮੰਤਰੀ ਬਲਜੀਤ ਕੌਰ ਵੱਲੋਂ ਮੌਕੇ ’ਤੇ ਹੀ ਨਿਯੁਕਤੀ ਪੱਤਰ ਵੰਡੇ ਗਏ।
ਬਜ਼ੁਰਗ ਅਥਲੀਟ ਨੂੰ ਨਹੀਂ ਮਿਲਿਆ ਮੰਤਰੀ ਨੂੰ ਮਿਲਣ ਦਾ ਮੌਕਾ
ਰੁਜ਼ਗਾਰ ਮੇਲੇ ਦੌਰਾਨ ਆਪਣੇ ਕੰਮ ਲਈ ਮੰਤਰੀ ਬਲਜੀਤ ਕੌਰ ਕੋਲ ਫਰਿਆਦ ਲੈ ਕੇ ਪਹੁੰਚੇ ਪਿੰਡ ਰੱਤਾਖੇੜਾ ਦੇ ਬਜ਼ੁਰਗ ਅਥਲੀਟ ਇੰਦਰ ਸਿੰਘ ਨੂੰ ਮੰਤਰੀ ਬਲਜੀਤ ਕੌਰ ਦੇ ਨੇੜੇ ਨਹੀਂ ਫਟਕਣ ਦਿੱਤਾ ਗਿਆ, ਹਾਲਾਂਕਿ ਉਸਨੇ ਮੰਤਰੀ ਸਾਹਿਬ ਦੇ ਨਾਲ ਘੁੰਮਦੇ ਕਈ ਆਗੂਆਂ ਨੂੰ ਅਪੀਲ ਵੀ ਕੀਤੀ ਪਰ ਕਿਸੇ ਨੇ ਵੀ ਉਸਦੀ ਫਰਿਆਦ ਨਹੀਂ ਸੁਣੀ। 91 ਸਾਲਾਂ ਦੇ ਬਜ਼ੁਰਗ ਇੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਵੀ 100 ਮੀਟਰ ਦੀ ਦੌੜ 17-18 ਸੈਕਿੰਡ ਵਿੱਚ ਕਰਦਾ ਹੈ, ਉਸਨੇ ਕਿਹਾ ਕਿ ਉਹ ਕੈਨੇਡਾ ਵਿੱਚ ਹੋਣ ਜਾ ਰਹੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਆਪਣੇ ਕਾਗਜ਼-ਪੱਤਰ ਤਿਆਰ ਕਰ ਰਿਹਾ ਹੈ, ਜਿਸ ਸਬੰਧੀ ਉਹ ਮੰਤਰੀ ਬਲਜੀਤ ਕੌਰ ਨੂੰ ਮਿਲਣਾ ਚਾਹੁੰਦਾ ਸੀ, ਪਰ ਉਸਨੂੰ ਮਿਲਾਉਣਾ ਤਾਂ ਦੂਰ ਸਗੋਂ ਨੇੜੇ ਵੀ ਨਹੀਂ ਫੜਕਣ ਦਿੱਤਾ ਗਿਆ।