ਪਵਨ ਗੋਇਲ
ਭੁੱਚੋ ਮੰਡੀ, 5 ਸਤੰਬਰ
ਨੌਕਰੀਆਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਭੁੱਚੋ ਖੁਰਦ ਦੀ ਜਲ ਘਰ ਦੀ ਟੈਂਕੀ ’ਤੇ ਚੜ੍ਹੇ ਬੈਸਟ ਪ੍ਰਾਈਸ ਮੁਲਾਜ਼ਮ ਤੇਜ਼ ਹਵਾ ਅਤੇ ਵਰ੍ਹਦੇ ਮੀਂਹ ਵਿੱਚ ਵੀ ਬੁਲੰਦ ਹੌਸਲਿਆਂ ਨਾਲ ਟੈਂਕੀ ’ਤੇ ਡਟੇ ਰਹੇ। ਉਹ ਮੀਂਹ ਵਿੱਚ ਬੁਰੀ ਤਰਾਂ ਭਿਜਦੇ ਰਹੇ, ਪਰ ਟੈਂਕੀ ਤੋਂ ਹੇਠਾਂ ਨਹੀਂ ਉੱਤਰੇ। ਉਨ੍ਹਾਂ ਕੋਲ ਮੀਂਹ ਤੋਂ ਬਚਣ ਲਈ ਕੋਈ ਪ੍ਰਬੰਧ ਨਹੀਂ ਸੀ। ਮੀਂਹ ਦੌਰਾਨ ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਤੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੋਸ਼ੀਲੇ ਨਾਅਰੇ ਲਗਾਏ। ਮੁਲਾਜ਼ਮਾਂ ਦੇ ਸੰਘਰਸ਼ ਦਾ ਅੱਜ ਤੀਜਾ ਦਿਨ ਸੀ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਡੰਗ ਟਪਾਊ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟੈਂਕੀ ’ਤੇ ਚੜ੍ਹੇ ਮੁਲਾਜ਼ਮਾਂ ਵਿੱਚ ਸਿਮਰਨ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਹਰਜਿੰਦਰ ਭੋਲਾ, ਸੰਦੀਪ ਸਿੰਘ, ਹਰਮਨ ਸਿੰਘ, ਸੁਖਦੀਪ ਸਿੰਘ ਅਤੇ ਮੁਸ਼ਤਾਕ ਖਾਨ ਸ਼ਾਮਲ ਸਨ। ਮੁਲਾਜ਼ਮਾਂ ਨੇ ਲਿਖਤੀ ਸਮਝੌਤਾ ਲਾਗੂ ਹੋਣ ਤੱਕ ਟੈਂਕੀ ’ਤੇ ਹੀ ਡਟੇ ਰਹਿਣ ਦਾ ਐਲਾਨ ਕੀਤਾ ਹੈ।
ਬੈਸਟ ਪ੍ਰਾਈਜ਼ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਭੁੱਚੋ ਮੰਡੀ ਵਿੱਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਰੁਜ਼ਗਾਰ ਬਹਾਲੀ ਸਬੰਧੀ ਮੰਗ ਪੱਤਰ ਸੌਂਪਿਆ। ਵਿਧਾਇਕ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੇ ਰੁਜ਼ਗਾਰ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਉਹ ਨੌਕਰੀ ਦੀ ਬਹਾਲੀ ਲਈ ਪਿਛਲੇ 54 ਦਿਨਾਂ ਤੋਂ ਲਗਾਤਾਰ ਕੰਪਨੀ ਅਤੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਹੁਣ 6 ਸਤੰਬਰ ਨੂੰ ਜ਼ਿਲ੍ਹਾ ਪੁਲੀਸ ਮੁਖੀ ਦੀ ਮੌਜੂਦਗੀ ਵਿੱਚ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੀਟਿੰਗ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂ ਰਣਜੀਤ ਸਿੰਘ, ਭੁਪਿੰਦਰ ਸਿੰਘ, ਸਟੈਫੀ ਕੌਰ, ਮਮਤਾ ਰਾਣੀ, ਲੱਖਾ ਨਥਾਣਾ ਅਤੇ ਨਿਰਮਲ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੀ ਪ੍ਰਧਾਨ ਮਨਜੀਤ ਕੌਰ ਪਿਆਰੋ, ਗੁਰਪ੍ਰੀਤ ਕੌਰ, ਭਿੰਦਰ ਕੌਰ ਅਤੇ ਕਰਮਜੀਤ ਕੌਰ ਸਮੇਤ ਕਿਸਾਨ ਔਰਤਾਂ ਹਾਜ਼ਰ ਸਨ।