ਜੋਗਿੰਦਰ ਸਿੰਘ ਮਾਨ
ਮਾਨਸਾ, 29 ਦਸੰਬਰ
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਮਾਨਸਾ ਵੱਲੋਂ ਇੱਥੋਂ ਦੇ ਬਾਲ ਭਵਨ ਵਿੱਚ ਵਿਸ਼ਾਲ ਰੈਲੀ ਕੀਤੀ ਗਈ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਰੈਲੀ ਦੇ ਸ਼ੁਰੂ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ 2 ਮਿੰਟ ਦਾ ਮੌਨ ਧਾਰ ਕੇ ਸਿਜਦਾ ਕੀਤਾ। ਫਰੰਟ ਦੇ ਕਨਵੀਨਰ ਰਾਜ ਕੁਮਾਰ ਰੰਗਾ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰ ਕੇ 2.72 ਦੇ ਗੁਣਾਂਕ ਨਾਲ ਵਾਧਾ ਕੀਤਾ ਜਾਵੇ ਅਤੇ ਅਣ-ਰਿਵਾਈਜ਼ਡ ਮੁਲਾਜ਼ਮਾਂ ਨੂੰ 3.5 ਦੇ ਗੁਣਾਂਕ ਨਾਲ ਪੇ ਸਕੇਲ ਦਿੱਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਨਬਿੇੜਾ ਨਾ ਕੀਤਾ ਗਿਆ ਤਾਂ 8 ਜਨਵਰੀ ਨੂੰ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ’ਤੇ ਲਾਡੋਵਾਲ ਟੌਲ ਪਲਾਜ਼ਾ ਜਾਮ ਕੀਤਾ ਜਾਵੇਗਾ। ਇਸ ਮੌਕੇ ਲੱਖਾ ਸਿੰਘ ਸਹਾਰਨਾ, ਬਿੱਕਰ ਸਿੰਘ ਮਾਖਾ, ਨੇ ਵੀ ਸੰਬੋਧਨ ਕੀਤਾ।
ਮੁਲਾਜ਼ਮਾਂ ਦੇ ਹੱਕ ਵਿੱਚ ਨਿੱਤਰੀ ਪੀਐੱਸਈਬੀ ਫੈਡਰੇਸ਼ਨ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਪੀਐੱਸਈਬੀ ਜੁਆਇੰਟ ਫੋਰਮ ਦੇ ਸੱਦੇ ’ਤੇ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਘੁਬਾਇਆ ਅਤੇ ਜਲਾਲਾਬਾਦ ਵਲੋਂ ਪੰਜਾਬ ਸਰਕਾਰ ਦੇ ਮੁਲਾਜਮ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੁੱਧ ਪੰਜਾਬ ਯੂਟੀ ਮੁਲਾਜ਼ਮ ਵਲੋਂ ਕੀਤੀ ਜਾ ਰਹੀ ਦੋ ਰੋਜ਼ਾ ਹੜਤਾਲ ਦੇ ਸਮਰਥਨ ’ਚ ਅੱਜ 132 ਕੇਵੀ ਜਲਾਲਾਬਾਦ ਦੇ ਬਾਹਰ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਰੋਹਿਤ ਬਾਘਲਾ ਨੇ ਕੀਤੀ। ਇਸ ਦੌਰਾਨ ਮੰਡਲ ਸਕੱਤਰ ਗਿਆਨ ਚੰਦ, ਵਰਿੰਦਰ ਚੋਪੜਾ, ਗਗਨ ਸਿੰਘ, ਸੁਸ਼ੀਲ ਕੁਮਾਰ ਅਤੇ ਬਿਮਲਾ ਰਾਣੀ ਨੇ ਆਪਣੀਆਂ ਮੰਗਾਂ ਸਬੰਧੀ ਜਾਗਰੂਕ ਕਰਵਾਇਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।