ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜੁਲਾਈ
ਇਥੇ ਪੰਜਾਬ ਐਂਡ ਯੂਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਜਾਇੰਟ ਫਰੰਟ ਵੱਲੋਂ ਹੱਥਾਂ ਵਿੱਚ ਕਾਲੇ ਝੰਡਿਆਂ ਤੇ ਕਾਲੇ ਚੋਲੇ ਪਾ ਕੇ ਰਾਜ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਭੂੁਪਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਭਾਗਾਂ ਦੇ ਪੁਨਰਗਠਨ ਨਾਮ ਹੇਠ ਹਜ਼ਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ ਅਤੇ ਵਿਭਾਗਾਂ ਨੂੰ ਨਿੱਜੀਕਰਨ ਦੀ ਭੇਟ ਚੜ੍ਹਾਉਣ ਦੀ ਤਿਆਰੀ ਹੈ। ਹਕੂਮਤ ਵਿਧਾਇਕਾਂ, ਮੰਤਰੀਆਂ ਲਈ ਨਵੀਆਂ ਗੱਡੀਆਂ ਖਰੀਦ ਕੇ ਦੇ ਰਹੀ ਹੈ ਪਰ ਮੁਲਾਜ਼ਮਾਂ ਲਈ ਡੀਏ. ਦੀਆਂ ਕਿਸ਼ਤਾਂ ਅਤੇ ਬਕਾਇਆ ਦੇਣ ਪੈਸਾ ਨਹੀਂ। ਪੰਚਾਇਤਾਂ ਦੀ ਜ਼ਮੀਨ ਝੂਠ ਬੋਲ ਕੇ ਹਥਿਆਈਆਂ ਜਾ ਰਹੀਆਂ ਹਨ। ਥਰਮਲ ਪਲਾਂਟ ਦੀ ਜ਼ਮੀਨ ਮਹਿੰਗੇ ਭਾਅ ਵੇਚਣ ਦੀ ਤਿਆਰੀ ਹੈ। ਰਾਜ ਸਰਕਾਰ ਨੇ ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਨਾਲ ਜੋੜ ਦਿੱਤਾ ਹੈ। ਇਸ ਮੌਕੇ ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ ਨਿਰੰਜਣ ਸਿੰਘ ਮਾਛੀਕੇ, ਪੋਹਲਾ ਸਿੰਘ ਬਰਾੜ, ਜਗਦੀਸ਼ ਸਿੰਘ ਚਾਹਲ ਹਾਜ਼ਰ ਸਨ।
ਪੈਨਸ਼ਨਰਾਂ ਨੇ ਕਾਲੇ ਬਿੱਲੇ ਲਗਾ ਰੋਸ ਪ੍ਰਗਟਾਇਆ
ਗਿੱਦੜਬਾਹਾ (ਪੱਤਰ ਪ੍ਰੇਰਕ): ਪਾਵਰਕੌਮ ਗਿੱਦੜਬਾਹਾ, ਡਿਵੀਜ਼ਨ ਦੇ ਪੈਨਸ਼ਨਰਾਂ ਵੱਲੋਂ ਸਰਕਾਰ ਦੀਆਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਿਰੋਧੀ ਸਾਜਿਸ਼ਾਂ ਖ਼ਿਲਾਫ਼ 20 ਤੋਂ 24 ਜੁਲਾਈ ਤੱਕ ਕਾਲੇ ਬਿੱਲੇ ਲਾ ਕੇ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਗਿੱਦੜਬਾਹਾ ਸ਼ਹਿਰ ਤੋਂ ਇਲਾਵਾ ਪਿੰਡਾਂ ਕੋਟਭਾਈ, ਬੁੱਟਰ ਬਖੂਆ, ਝੂੰਬਾ, ਭਾਰੂ, ਦੌਲਾ ਵਿੱਚ ਵੀ ਪੈਨਸ਼ਨਰਾਂ ਵੱਲੋਂ ਕਾਲੇ ਬਿੱਲੇ ਲਗਾ ਰੋਸ ਪ੍ਰਗਟ ਕੀਤਾ ਗਿਆ। ਗਿੱਦੜਬਾਹਾ ਮੰਡਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਅਤੇ ਸਕੱਤਰ ਮੇਘਰਾਜ ਬੁੱਟਰ ਨੇ ਕਿਹਾ ਕਿ ਰੋਸ ਹਫ਼ਤੇ ਦੌਰਾਨ ਸ਼ਹਿਰਾਂ ਦੇ ਪਿੰਡਾਂ ਦੇ ਪੈਨਸ਼ਨਰ ਕਾਲੇ, ਬਿੱਲੇ ਲਗਾ ਕੇ ਰੋਸ ਪ੍ਰਗਟ ਕਰਦੇ ਰਹਿਣਗੇ।