ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 27 ਦਸੰਬਰ
ਇੱਥੇ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਕੀਤੀ ਮੀਟਿੰਗ ਉਪਰੰਤ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਮੁਲਾਜ਼ਮ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਜਤਿੰਦਰ ਕੁਮਾਰ, ਅਮਰੀਕ ਸਿੰਘ ਸੰਧੂ, ਬਲਬੀਰ ਸਿੰਘ, ਦੇਸ ਰਾਜ ਗੁੱਜਰ ਅਤੇ ਬਲਬੀਰ ਸਿੰਘ ਸਿਵੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੱਚੇ, ਆਊਟਸੋਰਸਿੰਗ ਮੁਲਾਜ਼ਮਾਂ ਸਣੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਵਾਲਾ ਵਤੀਰਾ ਅਪਣਾ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੁੱਖ ਮੰਤਰੀ ਨੇ ਆਪਣੇ ਵਤੀਰੇ ਵਿੱਚ ਸੁਧਾਰ ਨਾ ਲਿਆਂਦਾ ਤਾਂ ਸਮੂਹ ਤੇ ਰੈਗੂਲਰ ਮੁਲਾਜ਼ਮ, ਆਊਟਸੋਰਸਿੰਗ ਮੁਲਾਜ਼ਮ, ਸਮੂਹ ਸਕੀਮ ਵਰਕਰਾਂ ਸਣੇ ਪੈਨਸ਼ਨਰਾਂ ਵੱਲੋਂ ਸੰਘਰਸ਼ ਵਿੱਢੇ ਜਾਣਗੇ। ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੇ ਫਰੰਟ ਵੱਲੋਂ ਉਲੀਕੇ ਐਕਸ਼ਨ ਪ੍ਰੋਗਰਾਮ ਅਨੁਸਾਰ 28 ਦਸੰਬਰ ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ ਅਤੇ ਇਸ ਉਪਰੰਤ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਮੌਕੇ ਬਲਵਿੰਦਰ ਕੁਮਾਰ ਸ਼ਰਮਾ, ਵੀਰ ਇੰਦਰਜੀਤ ਸਿੰਘ ਪੁਰੀ, ਬਲਵੰਤ ਰਾਏ ਗੱਖੜ, ਸਿਮਰਜੀਤ ਸਿੰਘ ਬਰਾੜ, ਸੰਤ ਸਿੰਘ, ਜਗਤਾਰ ਸਿੰਘ ਗਿੱਲ, ਬਿਸ਼ਨ ਦਾਸ ਅਰੋੜਾ, ਮਨੀਸ਼ ਮੋਂਗਾ, ਅਮਰਜੀਤ ਸਿੰਘ ਵਾਲੀਆ,ਬਲਵਿੰਦਰ ਸਿੰਘ ਬਿੰਦੀ ਆਦਿ ਵੀ ਹਾਜ਼ਰ ਸਨ।
ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਕੀਤੀ ਗੇਟ ਰੈਲੀ
ਗਿੱਦੜਬਾਹਾ (ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਇਰੀਗੇਸ਼ਨ ਮਨਿਸਟੀਰੀਅਲ ਸਰਵਿਸ ਐਸੋਸੀਏਸ਼ਨ ਵੱਲੋਂ ਅੱਜ ਗਿੱਦੜਬਾਹਾ ਦੀ ਨਹਿਰੀ ਕਲੋਨੀ ਵਿਚ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸਮੂਹ ਮੁਲਾਜ਼ਮਾ ਨੇ 6ਵੇਂ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਅਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਸ਼ਪਿੰਦਰ ਕਪਲਾ ਅਤੇ ਅਮਰ ਬਹਾਦੁਰ ਸਿੰਘ ਨੇ ਕਿਹਾ ਕਿ ਸਰਕਾਰ ਕੋਝੀਆ ਚਾਲਾਂ ਚੱਲ ਕੇ ਮੁਲਾਜ਼ਮ ਵਰਗ ਨੂੰ ਵੰਡਣ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਕਰਮਚਾਰੀਆਂ ਤੇ ਜਿੱਥੇ 6ਵਾਂ ਪੇਅ-ਕਮਿਸ਼ਨ ਲਾਗੂ ਕੀਤਾ ਗਿਆ ਹੈ, ਉੱਥੇ ਹੀ ਨਵੇਂ ਭਰਤੀ ਹੋਏ ਕਰਮਚਾਰੀਆਂ ਤੇ 7ਵਾਂ ਪੇਅ-ਕਮਿਸ਼ਨ ਲਾਗੂ ਕੀਤਾ ਜਾ ਰਿਹਾ ਹੈ। ਮੁਲਾਜ਼ਮਾ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਮੰਗਾਂ ਸੰਬੰਧੀ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਝਾਂ ਮੁਲਾਜ਼ਮ ਮੰਚ ਦੇ ਸੱਦੇ ’ਤੇ 28 ਤੇ 29 ਦਸੰਬਰ ਨੂੰ ਸੂਬੇ ਦੇ ਮੁਲਾਜ਼ਮ ਸਮੂਹਿਕ ਹੜਤਾਲ ’ਤੇ ਜਾ ਰਹੇ ਹਨ।