ਪੱਤਰ ਪ੍ਰੇਰਕ
ਮਾਨਸਾ, 3 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਰਾਜ ਵਿੱਚ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਰਦਿਆਂ ਕਿਹਾ ਕਿ 5 ਅਗਸਤ ਨੂੰ ਜ਼ਿਲ੍ਹਾ ਮਾਨਸਾ ਤੋਂ ਇਸ ਮੋਰਚੇ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਆਗੂਆਂ ਨੂੰ ਪਿੰਡਾਂ ਵਿੱਚ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਅੱਜ ਤੋਂ ਹੀ ਕਿਹਾ ਗਿਆ ਹੈ। ਕਾਮਰੇਡ ਸਮਾਓ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਦਲਿਤ ਪੇਂਡੂ ਅਤੇ ਖੇਤ ਮਜ਼ਦੂਰਾਂ ਨਾਲ਼ ਵਾਅਦਾ ਕਰਕੇ ਮਜ਼ਦੂਰਾਂ ਦੀਆਂ ਵੋਟਾਂ ਨਾਲ ਸਰਕਾਰ ਬਣਾਈ ਸੀ, ਪਰ ਹੁਣ ਸਰਕਾਰ ਮਜ਼ਦੂਰਾਂ ਬਾਰੇ ਗੱਲ ਤੱਕ ਨਹੀਂ ਕਰ ਰਹੀ। ਇਸ ਸਬੰਧੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਰਕਾਰ ਕੋਈ ਹੱਲ ਨਹੀਂ ਕੱਢ ਰਹੀ ਜਿਸ ਕਾਰਨ ਮਜ਼ਦੂਰ ਨਿਰਾਸ਼ ਹਨ। ਉਨ੍ਹਾਂ ਐਲਾਨ ਕੀਤਾ ਕਿ ਮਾਨਸਾ ਤੋਂ ਬਾਅਦ ਪੰਜਾਬ ਭਰ ਵਿੱਚ ਸਰਕਾਰ ਖਿਲ਼ਾਫ ਪੱਕੇ ਮੋਰਚੇ ਲਗਾਏ ਜਾਣਗੇ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਵਿਜੈ ਕੁਮਾਰ ਭੀਖੀ, ਮਨਜੀਤ ਕੌਰ ਜੋਗਾ, ਭੋਲਾ ਝੱਬਰ, ਜੀਤ ਸਿੰਘ ਬੋਹਾ, ਸੁਖਵਿੰਦਰ ਬੋਹਾ, ਕਾਲਾ ਸਿੰਘ ਉੱਭਾ, ਗੁਲਾਬ ਸਿੰਘ ਖੀਵਾ, ਜੱਗਾ ਸਿੰਘ ਉੱਭਾ ਨੇ ਵੀ ਸੰਬੋਧਨ ਕੀਤਾ।