ਜਸਵੰਤ ਜੱਸ
ਫ਼ਰੀਦਕੋਟ, 19 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 20 ਫਰਵਰੀ ਨੂੰ ਵਿਧਾਨ ਸਭਾ ਹਲਕਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿੱਚ ਹੋਣ ਵਾਲੀ ਵੋਟਿੰਗ ਲਈ ਪਾਰਟੀਆਂ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਸੁਰੱਖਿਆ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਰਵਾਨਾ ਹੋ ਗਈਆਂ। ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਨੇ ਕਿਹਾ ਕਿ ਚੋਣਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ 511 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਜਿਸ ਵਿੱਚ 2044 ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਜ਼ਿਲ੍ਹੇ ਦੇ 4,80,525 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚੋਂ 2,52,708 ਮਰਦ ਅਤੇ 2,27,797 ਮਹਿਲਾਂ ਵੋਟਰ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 8 ਮਾਡਰਨ ਪੋਲਿੰਗ ਬੂਥ, ਜ਼ਿਲੇ ਵਿੱਚ ਕੁੱਲ 24 ਮਾਡਰਨ ਪੋਲਿੰਗ ਬੂਥਾਂ ਅਤੇ 7 ਔਰਤਾਂ ਦੁਆਰਾ ਸੰਚਾਲਿਤ ਪੋਲਿੰਗ ਬੂਥ ਤੇ 3 ਵਿਕਲਾਂਗ ਕਰਮਚਾਰੀਆਂ ਦੁਆਰਾ ਸੰਚਾਲਿਤ ਪੋਲਿੰਗ ਬੂਥ ਬਣਾਏ ਗਏ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਨਿਰਪੱਖ ਅਤੇ ਇਮਾਨਦਾਰੀ ਨਾਲ ਵੋਟਾਂ ਪੁਆਉਣ ਦੇ ਸੁਨੇਹੇ ਨਾਲ ਪੋਲਿੰਗ ਪਾਰਟੀਆਂ ਵੱਖ-ਵੱਖ ਬੂਥਾਂ ਲਈ ਰਵਾਨਾ ਹੋਈਆਂ। ਵਿਧਾਨ ਸਭਾ ਦੀਆਂ ਚੋਣਾਂ ਲਈ ਮਾਨਸਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਵੋਟਾਂ ਪੁਆਉਣ ਲਈ ਅੱਜ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ, ਪੁਲੀਸ ਅਤੇ ਖ਼ਰਚਾ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 646 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਦਾ ਕਾਰਜ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕੁੱਲ ਸਿਵਲ ਪ੍ਰਸਾਸ਼ਨ ਦੇ 3107 ਅਧਿਕਾਰੀ ਅਤੇ ਕਰਮਚਾਰੀ ਚੋਣ ਅਮਲ ਲਈ ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਐਸ.ਐਸ.ਪੀ. ਮਾਨਸਾ ਦੀਪਕ ਪਾਰੀਕ ਵੀ ਉਨ੍ਹਾਂ ਨਾਲ ਮੌਜੂਦ ਸਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਜ਼ਿਲ੍ਹਾ ਮੋਗਾ ਵਿਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਤੇ ਬਾਘਾਪੁਰਾਣਾ ਵਿੱਚ ਕੁੱਲ 7 ਲੱਖ 57 ਹਜ਼ਾਰ 889 ਵੋਟਰ ਅਤੇ 42 ਉਮੀਦਵਾਰ ਚੋਣ ਪਿੜ ਵਿੱਚ ਹਨ। ਮੋਗਾ ਹਲਕੇ ’ਚ ਕੁੱਲ 2,02,208 ਵੋਟਰਾਂ ’ਚੋਂ 1,05,742 ਪੁਰਸ਼ ਤੇ 91,306 ਮਹਿਲਾ ਤੇ 8 ਥਰਡ ਜੈਂਡਰ ਵੋਟਰ ਹਨ। ਬਾਘਾਪੁਰਾਣਾ ਹਲਕੇ ’ਚ ਕੁੱਲ 1,70,300 ਵੋਟਰਾਂ ’ਚੋਂ 91,178 ਪੁਰਸ਼ ਤੇ 79,118 ਮਹਿਲਾ ਤੇ 4 ਥਰਡ ਜੈਂਡਰ ਵੋਟਰ, ਧਰਮਕੋਟ ਹਲਕੇ ’ਚ ਕੁੱਲ 1,80,850 ਵੋਟਰਾਂ ’ਚੋਂ 95,767 ਪੁਰਸ਼ ਤੇ 85,073 ਮਹਿਲਾ ਤੇ 10 ਥਰਡ ਜੈਂਡਰ ਵੋਟਰ ਅਤੇ ਨਿਹਾਲ ਸਿੰਘ ਵਾਲਾ ਹਲਕੇ ’ਚ ਕੁੱਲ 1,97,056 ਵੋਟਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਤੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਦੀ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕੁੱਲ ਪੋਲਿੰਗ ਸਟੇਸ਼ਨ 804 ਹਨ। ਚਾਰੇ ਹਲਕਿਆਂ ’ਚ 20 ਮਾਡਲ ਪੋਲਿੰਗ ਸਟੇਸ਼ਨ ਅਤੇ 10 ਪਿੰਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹੇ ਅੰਦਰ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਵੋਟਿੰਗ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੇ 6 ਵਿਧਾਨ ਸਭਾ ਹਲਕਿਆਂ ਰਾਮਪੁਰਾ, ਭੁੱਚੋ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਅਤੇ ਮੌੜ ਲਈ ਕੁੱਲ 1192 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਦੇ 10,71,164 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ ਮਰਦ 5,61,749 ਤੇ ਔਰਤਾਂ 5,04,360, ਥਰਡ ਜੈਂਡਰ 25, ਸਰਵਿਸ ਵੋਟਰ 5030 ਅਤੇ 80 ਸਾਲ ਤੋਂ ਵਧੇਰੇ ਉਮਰ ਦੇ 19,636, 18-19 ਵਰਗ ਦੇ 16,852, ਵਿਕਲਾਂਗ (ਪੀਡਬਲਿਯੂਡੀ) 7561 ਅਤੇ 148 ਵੀਆਈਪੀ ਵੋਟਰ ਸ਼ਾਮਲ ਹਨ। ਇਸ ਮੌਕੇ ਡੀਸੀ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਦੌਰਾਨ ਐਸਐਸਪੀ ਅਮਨੀਤ ਕੌਂਡਲ ਵੀ ਹਾਜ਼ਰ ਹਨ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਭਦੌੜ, ਬਰਨਾਲਾ ਅਤੇ ਮਹਿਲ ਕਲਾਂ ਲਈ ਭਲਕੇ ਹੋਣ ਵਾਲੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਤਿੰਨੋਂ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਣੇ ਪੋਲਿੰਗ ਸਟੇਸ਼ਨਾਂ ’ਤੇ ਭੇਜੀਆਂ ਗਈਆਂ। ਵਿਧਾਨ ਸਭਾ ਹਲਕਾ ਬਰਨਾਲਾ ਲਈ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਤੋਂ ਰਿਟਰਨਿੰਗ ਅਫ਼ਸਰ ਵਰਜੀਤ ਵਾਲੀਆ ਨੇ ਰਵਾਨਾ ਕੀਤਾ।
ਵਿਧਾਨ ਸਭਾ ਹਲਕਾ ਭਦੌੜ ਲਈ ਤਹਿਸੀਲ ਕੰਪਲੈਕਸ ਤਪਾ ਤੋਂ ਰਿਟਰਨਿੰਗ ਅਫ਼ਸਰ ਸਿਮਰਪ੍ਰੀਤ ਕੌਰ ਤੇ ਹਲਕਾ ਮਹਿਲ ਕਲਾਂ ਲਈ ਰਿਟਰਨਿੰਗ ਅਫ਼ਸਰ ਅਮਿਤ ਬੈਂਬੀ ਨੇ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ। ਅਧਿਕਾਰੀਆਂ ਵੋਟਰਾਂ ਨੂੰ ਆਪਣੇ ਵੋਟ ਹੱਕ ਦੀ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਵਰਤੋਂ ਕਰਨ ਦਾ ਸੱਦਾ ਦਿੱਤਾ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਬਬੀਤਾ ਕਲੇਰ ਨੇ ਦੱਸਿਆ ਕਿ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੂਥਾਂ ’ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕ ਬਿਨ੍ਹਾਂ ਕਿਸੇ ਡਰ ਭੈਅ ਜਾਂ ਲਾਲਚ ਦੇ 20 ਫਰਵਰੀ ਨੂੰ ਆਪਣੇ ਪੋਲਿੰਗ ਬੂਥ ’ਤੇ ਪੁੱਜ ਕੇ ਮਤਦਾਨ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਪੈਰਾ ਮਿਲਟਰੀ ਫੋਰਸ ਦੀਆਂ 22 ਕੰਪਨੀਆਂ ਤੋਂ ਇਲਾਵਾ ਸਥਾਨਕ ਪੁਲੀਸ ਵੱਲੋਂ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਹਰ ਹਲਕੇ ਵਿਚ 2-2 ਦੀ ਦਰ ਨਾਲ ਕੁੱਲ੍ਹ ਅੱਠ ਵਿਮੈਨ ਬੂਥ ਬਣਾਏ ਗਏ ਹਨ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਜ਼ੀਰਾ, ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ ਤੇ ਗੁਰੂਹਰਸਹਾਏ ਵਿਚ ਪੈਣ ਵਾਲੀਆਂ ਵੋਟਾਂ ਲਈ 902 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਚੋਣਾਂ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਿਵਲ ਪ੍ਰਸ਼ਾਸਨ ਦੇ 3608 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕੁੱਲ ਵੋਟਰ 6,92,650 ਹਨ ਇਨ੍ਹਾਂ ਵਿੱਚੋਂ ਪੁਰਸ਼ 3,63,903 ਹਨ ਤੇ ਮਹਿਲਾਵਾਂ 3,29,142, ਥਰਡ ਜ਼ੈਂਡਰ 20, ਦਿਵਿਯਾਂਗ 6543 ਅਤੇ ਸਰਵਿਸ ਵੋਟਰ 1838 ਹਨ। ਇਸ ਵਾਰ ਹਰ ਵਿਧਾਨ ਸਭਾ ਹਲਕੇ ਵਿੱਚ 5-5 ਪਿੰਕ ਬੂਥ ਬਣਾਏ ਗਏ ਹਨ ਜਿਥੇ ਸਾਰੀਆਂ ਕਰਮਚਾਰੀ ਇਸਤਰੀਆਂ ਹੀ ਹੋਣਗੀਆਂ। ਬਾਕੀ ਬੂਥਾਂ ਨੂੰ ਵੀ ਸ਼ਮਿਆਨਾ, ਸਵਾਗਤੀ ਗੇਟਾਂ ਅਤੇ ਕੁਰਸੀਆਂ ਨਾਲ ਸਜਾਇਆ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵੀਵੀਪੀਏਟੀ ਮਸ਼ੀਨਾਂ ਲਾਈਆਂ ਗਈਆਂ ਹਨ। ਲੰਬੀ ਦੇ ਕੁੱਲ 177 ਬੂਥ ਹਨ ਜਿਨ੍ਹਾਂ ਵਿੱਚੋਂ 42 ਬੂਥ ਅਤਿ ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਪਿੰਡ ਬਾਦਲ ਦੇ ਤਿੰਨੇ ਬੂਥ ਵੀ ਸ਼ਾਮਲ ਹਨ।
ਸੱਜ ਵਿਆਹੀ ਤੇ ਛੋਟੀ ਬੱਚੀ ਦੀ ਮਾਂ ਵੀ ਡਿਊਟੀ ’ਤੇ ਡਟੀ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਕੁੱਲ 1,59,646 ਵੋਟਰ ਭਲਕੇ ਆਪੋ-ਆਪਣਾ ਮਤਦਾਨ ਕਰਨਗੇ। ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਨਿਰਪੱਖ ਅਤੇ ਨਿਰਭੈਅ ਕਰਨ ਕਰਵਾਉਣ ਦੇ ਪੁਖਤਾ ਪ੍ਰਬੰਧ ਕੀਤੇ ਹਨ। ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਚ ਚੋਣ ਅਮਲੇ ਨੂੰ ਚੋਣ ਅਧਿਕਾਰੀ ਵੱਲੋਂ ਚੋਣ ਸਮੱਗਰੀ ਵੰਡੀ ਗਈ। ਚੋਣ ਅਮਲੇ ਵਿਚ ਨਵੀਂ ਵਿਆਹੀ ਔਰਤ ਅਤੇ ਕੁੱਛੜ ਚੁੱਕੀ ਔਰਤ ਵੀ ਲੋਕਤੰਤਰ ਦੇ ਇਸ ਅਹਿਮ ਹਿੱਸੇ ਨੂੰ ਕਰਵਾਉਣ ਵਿਚ ਸ਼ਾਮਲ ਹੋਏ। ਇਕ ਔਰਤ ਦਾ ਪਤੀ ਉਸ ਦੀ ਕਰੀਬ ਇੱਕ ਸਾਲ ਦੀ ਬੱਚੀ ਚੁੱਕ ਕੇ ਪਤਨੀ ਦੇ ਪਿੱਛੇ-ਪਿੱਛੇ ਸਾਮਾਨ ਪੂਰਾ ਕਰਵਾ ਰਿਹਾ ਸੀ। ਚੋਣ ਅਧਿਕਾਰੀ ਕਮ ਉਪ ਮੰਡਲ ਮੈਜਿਸਟਰੇਟ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਹਲਕੇ ਅੰਦਰ ਕੁੱਲ 49 ਪਿੰਡ ਹਨ। ਕੁੱਲ ਵੋਟਰਾਂ ਵਿਚੋਂ ਪੁਰਸ਼ ਵੋਟਰ 84,473 ਅਤੇ ਮਹਿਲਾ 75,166 ਅਤੇ ਥਰਡਜੈਂਡਰ 7 ਹਨ। ਹਲਕੇ ਵਿੱਚ ਅੱਠ ਮਾਡਰਨ ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਈਵੀਐਮ ਮਸ਼ੀਨ ਪ੍ਰਣਾਲੀ ਬਹੁਤ ਹੀ ਭਰੋਸੇਯੋਗ ਪ੍ਰਣਾਲੀ ਹੈ ਜਿਸ ਬਾਰੇ ਸੋਸ਼ਲ ਮੀਡੀਆ ’ਤੇ ਭਰਮ-ਭੁਲੇਖੇ ਪਾਏ ਜਾ ਰਹੇ ਹਨ। ਲੋਕ ਐਤਵਾਰ ਨੂੰ ਘਰਾਂ ’ਚੋਂ ਨਿਕਣ ਤੇ ਆਪਣੀ ਵੋਟ ਪੋਲ ਕਰਨ।