ਪੱਤਰ ਪ੍ਰੇਰਕ
ਮਾਨਸਾ, 22 ਜਨਵਰੀ
ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਿਹਾਸਕ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਇੱਕ ਵਿਸ਼ੇਸ਼ ਮਾਹੌਲ ’ਚ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਵਿੱਚ ਆਪਣੇ ਕਿਸਾਨ ਸੰਗਠਨ-ਆਲ ਇੰਡੀਆ ਕਿਸਾਨ ਮਹਾਸਭਾ-ਦੇ ਜ਼ਰੀਏ ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਵੀ ਦੇਸ਼ ਭਰ ਵਿਚ ਭਰਪੂਰ ਹਿੱਸਾ ਪਾਇਆ। ਉਹ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਪਾਰਟੀ ਵਰਕਰਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕਾਮਰੇਡ ਭੱਟਾਚਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਫੈਡਰਲ ਤੇ ਧਰਮ ਨਿਰਪੱਖ ਖਾਸੇ,ਸੰਵਿਧਾਨ ਅਤੇ ਜਮਹੂਰੀਅਤ ਉਤੇ ਕੀਤੇ ਜਾ ਰਹੇ ਫਾਸਿਸਟ ਹਮਲਿਆਂ ਖਿਲਾਫ ਵੀ ਪਾਰਟੀ ਚਟਾਨ ਵਾਂਗ ਡੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਮੇਤ ਚਾਰ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਦੀ ਪਾਰਟੀ, ਪੂੰਜੀਵਾਦੀ ਸਿਸਟਮ ਅੰਦਰਲੇ ਡੂੰਘੇ ਆਰਥਿਕ ਮੰਦਵਾੜੇ ਦਾ ਸਮੁੱਚਾ ਭਾਰ ਆਮ ਜਨਤਾ ਉਤੇ ਸੁੱਟਣ ਦੀਆਂ ਬੀਜੇਪੀ ਦੀ ਕੇਂਦਰੀ ਸਰਕਾਰ ਤੇ ਕਾਂਗਰਸ ਦੀ ਸੂਬਾ ਸਰਕਾਰ ਦੀਆਂ ਨੀਤੀਆਂ ਖਿਲਾਫ਼ ਜਨਤਾ ਦੇ ਹੱਕੀ ਸੰਘਰਸ਼ਾਂ ਦੀ ਆਵਾਜ਼ ਅਤੇ ਲਾਲ ਝੰਡੇ ਦੀ ਸੁਤੰਤਰ ਹੈਸੀਅਤ ਨੂੰ ਬੁਲੰਦ ਕਰੇਗੀ। ਲਬਿਰੇਸ਼ਨ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਾਰਟੀ ਨੇ ਸੰਯੁਕਤ ਸਮਾਜ ਮੋਰਚੇ ਨਾਲ ਆਪਸੀ ਸੀਟ ਐਡਜਸਟਮੈਂਟ ਲਈ ਯਤਨ ਕੀਤੇ ਸਨ, ਪਰ ਮੋਰਚੇ ਦੀ ਲੀਡਰਸ਼ਪਿ ਵੱਲੋਂ ਉਨ੍ਹਾਂ ਦੀ ਪਾਰਟੀ ਲਬਿਰੇਸ਼ਨ ਦੇ ਉਮੀਦਵਾਰਾਂ ਦੇ ਵੀ ਮੋਰਚੇ ਦੇ ਨਿਸ਼ਾਨ ਉਤੇ ਹੀ ਚੋਣ ਲੜਨ ਦੀ ਗੱਲ ਉਤੇ ਬਜ਼ਿੱੱ ਰਹਿਣ ਕਾਰਨ ਇਹ ਗੱਲ ਸਿਰੇ ਨਹੀਂ ਚੜ੍ਹ ਸਕੀ। ਇਸ ਲਈ ਹੁਣ ਪਾਰਟੀ ਨੇ ਆਪਣੇ ਚੋਣ ਨਿਸ਼ਾਨ ਉਤੇ ਹੀ ਆਜ਼ਾਦਾਨਾ ਤੌਰ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਕਾਮਰੇਡ ਜਸਬੀਰ ਕੌਰ ਨੱਤ, ਨਛੱਤਰ ਸਿੰਘ ਖੀਵਾ, ਹਰਭਗਵਾਨ ਭੀਖੀ, ਭਗਵੰਤ ਸਿੰਘ ਸਮਾਓ, ਗੁਰਜੰਟ ਸਿੰਘ ਸਮਾਓ, ਨਿੱਕਾ ਸਿੰਘ ਬਹਾਦਰਪੁਰ, ਗੁਰਮੀਤ ਸਿੰਘ ਨੰਦਗੜ੍ਹ ਵੀ ਮੌਜੂਦ ਸਨ।