ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 11 ਜਨਵਰੀ
ਭਾਰਤੀ ਚੋਣ ਕਮਿਸ਼ਨ ਵੱਲੋਂ ਸਿਆਸੀ ਚੋਣ ਰੈਲੀਆਂ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਮਗਰੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਰੈਲੀਆਂ ਦੀ ਥਾਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਵਿੱਚ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ ਤੇ ਹੁਣ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਡੋਰ-ਟੂ ਡੋਰ ਚੋਣ ਮੁਹਿੰਮ ਵਿੱਚ ਰੁੱਝ ਗਏ ਹਨ। ‘ਆਪ’ ਦੇ ਉਮੀਦਵਾਰ ਗੁਰਦਿੱਤ ਸੇਖੋਂ ਦੇ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਉਨ੍ਹਾਂ ਦੀ ਪਤਨੀ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਉਹ ਹਰ ਰੋਜ਼ ਦੋ ਸੌ ਤੋਂ ਵੱਧ ਘਰਾਂ ਵਿਚ ਜਾ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪਤਨੀ ਸੁਖਜੀਤ ਕੌਰ ਮਾਨਸਾ ਨੇ ਕਿਹਾ ਕਿ ਉਹ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਚੋਣ ਪ੍ਰਚਾਰ ਲਈ ਘਰ-ਘਰ ਜਾ ਰਹੇ ਹਨ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਕਾਫੀ ਥੋੜ੍ਹਾ ਸਮਾਂ ਬਚਿਆ ਹੈ ਤੇ ਰੈਲੀਆਂ ’ਤੇ ਪਾਬੰਦੀਆਂ ਹੋਣ ਕਾਰਨ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਘਰ-ਘਰ ਜਾ ਕੇ ਚੋਣ ਪ੍ਰਚਾਰ ਨੂੰ ਤਰਜੀਹ ਦੇ ਰਹੀਆਂ ਹਨ। ਕਾਂਗਰਸ ਪਾਰਟੀ ਨੇ ਅਜੇ ਤਕ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਇਸ ਦੇ ਬਾਵਜੂਦ ਸੰਭਾਵੀ ਉਮੀਦਵਾਰ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ।
ਰੋਜ਼ੀ ਬਰਕੰਦੀ ਵੱਲੋਂ ਥਾਂਦੇਵਾਲਾ ਵਿੱਚ ਚੋਣ ਪ੍ਰਚਾਰ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਘਰੋ-ਘਰੀ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਤੋਂ ਬਾਅਦ ਪਿੰਡ ਥਾਂਦੇਵਾਲਾ ਵਿੱਚ ਵੱਖ-ਵੱਖ ਨੁਕੱੜ ਮੀਟਿੰੰਗਾਂ ਨੂੰ ਸੰਬੋਧਨ ਕਰਦਿਆਂ ਰੋਜ਼ੀ ਬਰਕੰਦੀ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਸਨ ਪਰ ਕਾਂਗਰਸ ਨੇ ਆਪਣੇ 5 ਸਾਲਾਂ ਦੇ ਕਾਰਜ ਕਾਲ ਦੌਰਾਨ ਡੱਕਾ ਦੂਹਰਾ ਨਹੀਂ ਕੀਤਾ। ਇਸ ਮੌਕੇ ਜਗਤਾਰ ਸਿੰਘ ਪੱਪੀ ਥਾਂਦੇਵਾਲਾ ਜ਼ਿਲ੍ਹਾ ਸਕੱਤਰ ਜਨਰਲ, ਬਿੰਦਰ ਗੋਨਿਆਣਾ ਸਿਆਸੀ ਸਕੱਤਰ, ਗੁਰਲਾਲ ਸਿੰਘ ਸਰਪੰਚ, ਇਕਬਾਲ ਸਿੰਘ ਸਰਪੰਚ, ਹਰਬੰਸ ਸਿੰਘ ਤੇ ਸਤਨਾਮ ਸਿੰਘ ਸਰਪੰਚ, ਪਰਮਜੀਤ ਸਿੰਘ, ਹਰਬੰਸ ਸਿੰਘ, ਸਤਨਾਮ ਸਿੰਘ, ਸੇਵਕ ਸਿੰਘ, ਅੰਗਰੇਜ ਸਿੰਘ ਮੈਂਬਰ ਤੇ ਹਰਵਿੰਦਰ ਸਿੰਘ ਮੈਂਬਰ ਆਦਿ ਹਾਜ਼ਰ ਸਨ।