ਜੋਗਿੰਦਰ ਸਿੰਘ ਮਾਨ
ਮਾਨਸਾ, 6 ਮਾਰਚ
ਵੋਟਾਂ ਦੀ ਗਿਣਤੀ ਤੋਂ ਤਿੰਨ ਦਿਨ ਪਹਿਲਾਂ ਉਮੀਦਵਾਰਾਂ ਦੇ ਘਰਾਂ ਵਿੱਚ ਮੁੜ ਰੌਣਕਾਂ ਲੱਗ ਗਈਆਂ ਹਨ, ਪਰ ਇਹ ਗਿਣਤੀ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਸਾਹ ਸੁਕਾ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਉਮੀਦਵਾਰਾਂ ਦੇ ਘਰਾਂ ਵਿੱਚ ਉਨ੍ਹਾਂ ਦੇ ਖ਼ਾਸ ਰਿਸ਼ਤੇਦਾਰਾਂ ਨੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸਮੂਹ ਪਾਰਟੀਆਂ ਦੇ ਉਮੀਦਵਾਰ ਆਪਣੀ ਜਿੱਤ ਨੂੰ ਪੱਕੀ ਦੱਸ ਰਹੇ ਹਨ, ਪਰ ਉਨ੍ਹਾਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਲੀਕਾਂ ਸਾਫ਼ ਨਜ਼ਰ ਆ ਰਹੀਆਂ ਹਨ। ਜ਼ਿਲ੍ਹੇ ਦੇ ਵੋਟਰਾਂ ਦੀ ਚੁੱਪ ਨੇ ਉਮੀਦਵਾਰਾਂ ਦੇ ਜੋੜ-ਤੋੜ ਵਾਲੇ ਅੰਕੜਿਆਂ ਨੂੰ ਵਿਗਾੜ ਦਿੱਤਾ ਹੈ।
ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ, ਸਰਦੂਲਗੜ੍ਹ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ, ਕਾਂਗਰਸ ਦੇ ਉਮੀਦਵਾਰ ਬਿਕਰਮ ਸਿੰਘ ਮੋਫਰ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਣਾਂਵਾਲੀ, ਬੁਢਲਾਡਾ ਹਲਕੇ ਤੋਂ ਅਕਾਲੀ ਉਮੀਦਵਾਰ ਡਾ.ਨਿਸ਼ਾਨ ਸਿੰਘ, ਕਾਂਗਰਸੀ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੇ ਘਰ ਖੂਬ ਰੌਣਕਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਉਮੀਦਵਾਰਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ, ਵਰਕਰਾਂ ਦੀ ਉਨ੍ਹਾਂ ਘਰਾਂ ਵਿਚ ਚਹਿਲ-ਪਹਿਲ ਹੈ। ਉਮੀਦਵਾਰਾਂ ਨੇ ਵੋਟਾਂ ਦੀ ਗਿਣਤੀ ਦੌਰਾਨ ਆਪਣੀ ਪਾਰਟੀ ਵਲੋਂ ਭੇਜੇ ਜਾਣ ਵਾਲੇ ਅਮਲੇ ਦੀਆਂ ਡਿਊਟੀਆਂ ਲਾਉਣੀਆਂ ਆਰੰਭ ਕਰ ਦਿੱਤੀਆਂ ਹਨ। ਪਾਰਟੀ ਵਲੋਂ ਵਰਕਰਾਂ ਦੇ ਨਾਸ਼ਤੇ ਅਤੇ ਚਾਹ-ਪਾਣੀ ਲਈ ਬਕਾਇਦਾ ਬੰਦੋਬਸ਼ਤ ਕੀਤੇ ਗਏ ਹਨ, ਹਾਲਾਂਕਿ ਗਿਣਤੀ ਕੇਂਦਰਾਂ ਵਿਚ ਜਾਣ ਵਾਲੇ ਆਗੂਆਂ ਲਈ ਖਾਣ-ਪੀਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਣਾ ਹੈ। ਉਧਰ ਮਾਲਵਾ ਪੱਟੀ ਵਿਚ ਕਾਂਗਰਸ ਅਤੇ ‘ਆਪ’ ਵਿਚਕਾਰ ਫਸਵੇਂ ਮੁਕਾਬਲੇ ਹੋਣ ਕਾਰਨ ਸ਼ਹਿਰ ਦੇ ਹਵਲਾਈਆਂ ਵੱਲੋਂ ਵੱਡੀ ਪੱਧਰ ’ਤੇ ਲੱਡੂ ਅਤੇ ਬਰਫ਼ੀ ਬਣਾਈ ਜਾ ਰਹੀ ਹੈ। ਬੱਸ ਸਟੈਂਡ ਨੇੜਲੇ ਇੱਕ ਦੁਰਗਾ ਮਠਿਆਈ ਭੰਡਾਰ ਦੇ ਮਾਲਕ ਬੱਬੂ ਰਾਮ ਦਾ ਕਹਿਣਾ ਹੈ ਕਿ ਭਾਵੇਂ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਉਮੀਦਵਾਰ ਦੇ ਸਮਰੱਥਕਾਂ ਵੱਲੋਂ ਆਰਡਰ ਬੁੱਕ ਨਹੀਂ ਕਰਵਾਏ ਗਏ ਹਨ, ਪਰ ਫਿਰ ਵੀ ਉਨ੍ਹਾਂ ਨੂੰ ਆਸ ਹੈ ਕਿ ਜਿਹੜਾ ਵੀ ਉਮੀਦਵਾਰ ਚੋਣ ਜਿੱਤੇਗਾ, ਉਸਦੇ ਸਮਰੱਥਕ ਲੱਡੂ ਖਰੀਦ ਕੇ ਜ਼ਰੂਰ ਲਿਜਾਣਗੇ।
ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਪ੍ਰਕਿਰਿਆ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ 10 ਮਾਰਚ ਨੂੰ ਸਵੇਰੇ 8 ਵਜੇ ਤੋਂ ਨਿਰਵਿਘਨ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਸਹੂਲਤ ਲਈ ਸਥਾਨਕ ਨਹਿਰੂ ਕਾਲਜ ਵਿਖੇ ਮੀਡੀਆ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਪੱਤਰਕਾਰਾਂ ਨੂੰ ਰਾਊਂਡ ਵਾਈਜ਼ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।