ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਫਰਵਰੀ
ਇੱਥੇ ਨਗਰ ਨਿਗਮ ਚੋਣ ਪ੍ਰਕਿਰਿਆ ਦੌਰਾਨ ਹਾਕਮ ਧਿਰ ਕਾਂਗਰਸ ਦੇ ਦੋ ਧੜਿਆਂ ਵਿੱਚ ਟਿਕਟਾਂ ਦੀ ਖਿੱਚੋਤਾਣ ’ਚ ਚੋਣ ਅਧਿਕਾਰੀ ਉਲਝ ਗਏ ਹਨ। ‘ਆਪ’ ਨੇ ਲੋਕਤੰਤਰ ਪ੍ਰਕਿਰਿਆ ਦਾ ਮਜ਼ਾਕ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ।
ਵੇਰਵਿਆਂ ਅਨੁਸਾਰ ਵਾਰਡ ਨੰਬਰ 18 ਵਿੱਚੋਂ ਸਾਬਕਾ ਕੌਂਸਲਰ ਪਵਿੱਤਰ ਸਿੰਘ ਢਿੱਲੋਂ ਨੇ ਕਾਂਗਰਸ ਉਮੀਦਵਾਰ ਅਤੇ ਉਸ ਦੇ ਕਵਰਿੰਗ ਉਮੀਦਵਾਰ ਵਜੋਂ ਮਾਰਕੀਟ ਕਮੇਟੀ, ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਅਤੇ ਬਾਗੀ ਕਾਂਗਰਸੀ ਆਤਮਾ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ। ਨਾਮਜ਼ਦਗੀਆਂ ਦਰੁਸਤ ਪਾਏ ਜਾਣ ਬਾਅਦ ਚੋਣ ਅਧਿਕਾਰੀ ਵੱਲੋਂ ਜਾਰੀ ਸੂਚੀ ਵਿੱਚ ਢਿੱਲੋਂ ਅਤੇ ਤਖਤੂਪੁਰਾ ਕਾਂਗਰਸ ਪਾਰਟੀ ਵੱਲੋਂ ਅਤੇ ਆਤਮਾ ਸਿੰਘ ਆਜ਼ਾਦ ਉਮੀਦਵਾਰ ਦਰਜ ਹੋ ਗਏ।
ਢਿੱਲੋਂ ਨੇ ਕੋਈ ਮਜਬੂਰੀ ਜ਼ਾਹਰ ਕਰਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤਾਂ ਪਾਰਟੀ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸਿੱਧੂ ਦੇ ਦਸਤਖ਼ਤਾਂ ਹੇਠ ਕਵਰਿੰਗ ਉਮੀਦਵਾਰ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਨੂੰ ਪਾਰਟੀ ਦਾ ਅਧਿਕਾਰ ਪੱਤਰ ਜਾਰੀ ਕਰ ਦਿੱਤਾ ਅਤੇ ਉਸ ਨੇ ਸੋਸ਼ਲ ਮੀਡੀਆ ਉੱਤੇ ਚੋਣ ਪ੍ਰਚਾਰ ਵਿੱਢ ਦਿੱਤਾ। ਇਸ ਮਗਰੋਂ ਬਾਗੀ ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਨੂੰ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ’ਆਪ’ ਬੁਲਾਰੇ ਨਵਦੀਪ ਸਿਘ ਸੰਘਾ ਨੇ ਕਾਂਗਰਸ ਪਾਰਟੀ ਉੱਤੇ ਆਦਰਸ਼ ਚੋਣ ਜ਼ਾਬਤੇ ਦਾ ਦੋਸ਼ ਲਗਾਉਂਦਿਆਂ ਆਖਿਆ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਵਾਪਸ ਲੈਣ ਅਤੇ ਚੋਣ ਨਿਸ਼ਾਨ ਜਾਰੀ ਹੋਣ ਬਾਅਦ ਸਾਰੀ ਸਮਾਂ ਸੀਮਾ ਖ਼ਤਮ ਹੋਣ ਬਾਅਦ ਵੀ ਹਾਕਮ ਧਿਰ ਦੇ ਕਥਿਤ ਦਬਾਅ ਹੇਠ ਚੋਣ ਅਧਿਕਾਰੀ ਕਾਂਗਰਸ ਵਰਕਰ ਬਣ ਕੇ ਕੰਮ ਕਰਦੇ ਰਹੇ ਅਤੇ ਰਿਕਾਰਡ ਵਿੱਚ ਖਾਨਾਪੂਰਤੀ ਕਰਕੇ ਉਮੀਦਵਾਰ ਬਦਲੇ ਗਏ ਜਦੋਂ ਕਿ ਚੋਣ ਅਧਿਕਾਰੀ ਵੱਲੋਂ ਜਾਰੀ ਸੂਚੀ ਵਿੱਚ ਆਤਮਾ ਸਿੰਘ ਦਾ ਨਾਮ ਆਜ਼ਾਦ ਉਮੀਦਵਾਰ ਵਜੋਂ ਦਰਜ ਹੈ ਅਤੇ ਕਾਂਗਰਸ ਦੇ ਉਮੀਦਵਾਰਾਂ ਵਜੋਂ ਢਿੱਲੋਂ ਤੇ ਤਖਤੂਪੁਰਾ ਦਾ ਨਾਮ ਹੈ ਪਰ ਆਜ਼ਾਦ ਉਮੀਦਵਾਰ ਨੂੰ ਕਾਂਗਰਸ ਦੀ ਟਿਕਟ ਕਿਵੇਂ ਅਲਾਟ ਕਰ ਦਿੱਤੀ ਗਈ।
ਮਾਰਕੀਟ ਕਮੇਟੀ, ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਨੇ ਟਿਕਟ ਮਿਲਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਟਿਕਟ ਦੇਣ ਦਾ ਫ਼ੈਸਲਾ ਪਾਰਟੀ ਦਾ ਹੈ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਨਹੀਂ ਲੜਨਗੇ। ਸਥਾਨਕ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਪਾਰਟੀ ਨੇ ਪਵਿੱਤਰ ਸਿੰਘ ਢਿੱਲੋਂ ਨੂੰ ਟਿਕਟ ਦੇ ਦਿੱਤੀ ਪਰ ਉਸ ਨੇ ਕਿਸੇ ਕਾਰਨ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ।
ਕਵਰਿੰਗ ਉਮੀਦਵਾਰ ਪਰਮਪਾਲ ਸਿੰਘ ਤਖਤੂਪੂਰਾ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅਤੇ ਉਨ੍ਹਾਂ ਦੇ ਪਿਤਾ ਜਗਰੂਪ ਸਿੰਘ ਤਖਤੂਪੂਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਨ ਅਤੇ ਪਰਿਵਾਰ ਕੋਲ ਪਹਿਲਾਂ ਹੀ ਵਕਾਰੀ ਆਹੁਦੇ ਹਨ। ਇਸ ਕਾਰਨ ਲੰਬੇ ਸਮੇਂ ਤੋਂ ਪਾਰਟੀ ਲਈ ਨਿਰਸਵਾਰਥ ਸੇਵਾਵਾਂ ਨਿਭਾਅ ਰਹੇ ਆਤਮਾ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਜੌਨੀ ਬਾਂਸਲ ਨੂੰ ਲੱਡੂਆਂ ਨਾਲ ਤੋਲਿਆ
ਭੁੱਚੋ ਮੰਡੀ: ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਲਈ ਸਰਗਰਮੀਆਂ ਜ਼ੋਰ ਫੜ ਗਈਆਂ ਹਨ। ਇੱਥੇ ਵਾਰਡ ਨੰਬਰ 10 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੌਨੀ ਬਾਂਸਲ ਨੂੰ ਸੰਜੀਵ ਲੱਕੀ ਨੇ ਲੱਡੂਆਂ ਨਾਲ ਤੋਲਿਆ ਅਤੇ ਇੱਕ ਲੱਖ ਰੁਪਏ ਚੋਣ ਫੰਡ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੌਜੂਦ ਸਨ। ਉਨ੍ਹਾਂ ਸ਼ਹਿਰ ਵਿੱਚ ਕੀਤੇ ਭਾਰੀ ਵਿਕਾਸ ਦੇ ਨਾਂਅ ’ਤੇ ਵੋਟਾਂ ਮੰਗਦਿਆਂ ਕਾਂਗਰਸੀ ਉਮੀਦਵਾਰਾਂ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ। -ਪੱਤਰ ਪ੍ਰੇਰਕ