ਪੱਤਰ ਪ੍ਰੇਰਕ
ਭੁੱਚੋ ਮੰਡੀ, 21 ਜੂਨ
ਵਧੀਕ ਡਿਪਟੀ ਕਮਿਸ਼ਨਰ ਰਾਹੁਲ (ਸ਼ਹਿਰੀ ਵਿਕਾਸ) ਬਠਿੰਡਾ ਨੇ ਨਗਰ ਕੌਂਸਲ ਭੁੱਚੋ ਦੇ ਕਾਰਜ ਸਾਧਕ ਅਫਸਰ ਦੀਪਕ ਸੇਤੀਆ ਨੂੰ ਪੱਤਰ ਜਾਰੀ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕੀਤੀ ਗਈ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਨਿਯਮਾਂ ਅਨੁਸਾਰ ਇਹ ਚੋਣ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਨਿਯੁਕਤ ਕੀਤੇ ਗਏ ਕਨਵੀਨਰ ਦੀ ਪ੍ਰਧਾਨਗੀ ਵਿੱਚ ਹੀ ਕੀਤੀ ਜਾ ਸਕਦੀ ਹੈ। ਨਗਰ ਕੌਂਸਲ ਵੱਲੋਂ ਕੀਤੀ ਗਈ ਇਸ ਚੋਣ ਨੂੰ ਮਿਉਂਸਪਲ ਦੇ ਇਲੈਕਸ਼ਨ ਰੂਲ 1994 ਅਨੁਸਾਰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਲਈ ਨਗਰ ਕੌਂਸਲ ਦੀ ਇਸ ਮੀਟਿੰਗ ਕਾਰਵਾਈ ਨੂੰ ਮਿਊਂਸਿਪਲ ਐਕਟ 1911 ਦੀ ਧਾਰਾ 232 ਅਧੀਨ ਮੁਅੱਤਲ ਕੀਤਾ ਗਿਆ ਹੈ। ਏਡੀਸੀ ਦੀ ਇਸ ਕਾਰਵਾਈ ਦੀ ਕਾਰਜਸਾਧਕ ਅਫਸਰ ਦੀਪਕ ਸੇਤੀਆ ਨੇ ਵੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਨਗਰ ਕੌਂਸਲ ਭੁੱਚੋ ਮੰਡੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ 23 ਮਈ ਨੂੰ ਚੋਣ ਕਰਵਾਉਣ ਲਈ ਡੀਸੀ ਵੱਲੋਂ ਸੰਗਤ ਮੰਡੀ ਦੇ ਨਾਇਬ ਤਹਿਸੀਲਦਾਰ ਨੂੰ ਕਨਵੀਨਰ ਨਿਯੁਕਤ ਕੀਤਾ ਸੀ, ਪਰ ਚੋਣ ਦੌਰਾਨ ਝਗੜਾ ਹੋਣ ਦਾ ਡਰ ਦੱਸ ਕੇ ਕਨਵੀਨਰ ਨੇ ਚੋਣ ਮੁਲਤਵੀ ਕਰਨ ਲਈ ਡੀਸੀ ਨੂੰ ਪੱਤਰ ਜਾਰੀ ਕਰ ਦਿੱਤਾ ਸੀ ਅਤੇ ਇਹ ਚੋਣ ਕਨਵੀਨਰ ਦੀ ਗੈਰਮੌਜੂਦਗੀ ਵਿੱਚ ਕੀਤੀ ਗਈ ਸੀ।