ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਮਈ
ਇਥੇ ਸਿਆਸੀ ਧੜੇਬੰਦੀ ਕਾਰਨ ਮੇਅਰ ਦੀ ਚੋਣ ਦਾ ਮੁੱਦਾ ਉਲਝ ਗਿਆ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਨਿਹਾਲ ਸਿੰਘ ਵਾਲਾ ਤੇ ਬੱਧਨੀ ਕਲਾਂ ਨਗਰ ਪੰਚਾਇਤਾਂ ਦੀ ਪ੍ਰਧਾਨਗੀ ਦਾ ਰੇੜਕਾ ਵੀ ਜਾਰੀ ਹੈ।
ਇਥੇ ਹਾਕਮ ਧਿਰ ਕੋਲ ਬਹੁਮਤ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਜਿਨ੍ਹਾਂ ਕੌਂਸਲਰਾਂ ਦਾ ਨਾਮ ਪੈਨਲ ਵਿਚ ਪਾ ਕੇ ਮੁੱਖ ਮੰਤਰੀ ਦੇ ਦਰਬਾਰ ਸਹੀ ਪਾਉਣ ਲਈ ਭੇਜਿਆ ਗਿਆ ਹੈ ਉਸ ’ਤੇ ਸਿਆਸੀ ਪੇਚ ਫਸੇ ਹੋਏ ਹਨ। ਹਾਕਮ ਧਿਰ ਇਥੇ ਪੜ੍ਹੀ ਲਿਖੀ ਮਹਿਲਾ ਕੌਂਸਲਰ ਨੂੰ ਮੇਅਰ ਬਣਾਉਣ ’ਤੇ ਵਿਚਾਰ ਕਰ ਰਹੀ ਹੈ। 50 ਵਾਰਡਾਂ ਵਾਲੀ ਮੋਗਾ ਨਗਰ ਕੌਂਸਲ ਵਿੱਚ ਕਾਂਗਰਸ ਦੇ 20, ਅਕਾਲੀ ਦਲ ਦੇ 15, ਆਪ ਦੇ 4, ਭਾਜਪਾ ਦਾ ਇਕ ਅਤੇ 10 ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਕਾਂਗਰਸ ਕੋਲ ਸਭ ਤੋਂ ਵਧ 20 ਕੌਂਸਲਰ ਹਨ, ਮਗਰੋਂ ਅਜ਼ਾਦ ਕੌਂਸਲਰਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਇਥੇ ਕਾਂਗਰਸ ਨੂੰ ਮੇਅਰ ਬਣਾਉਣ ਲਈ ਸਪਸ਼ਟ ਬਹੁਮਤ ਮਿਲ ਗਿਆ ਹੈ। ਪਰ ਹੁਣ ਇਹ ਮੁੱਦਾ ਹਾਕਮ ਧਿਰ ਦੀ ਸਿਆਸੀ ਧੜੇਬੰਦੀ ਦੇ ਪੇਚਾਂ ’ਚ ਉਲਝ ਗਿਆ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਹੋਰ ਭਖ ਸਕਦਾ ਹੈ। ਇਸ ਹਲਕੇ ’ਚ ਹਾਕਮ ਧਿਰ ਦਾ ਵਿਧਾਇਕ ਹੈ, ਪਰ ਚਰਚਾ ਹੈ ਕਿ ਪਾਰਟੀ ਹਲਕੇ ਲਈ ਨਵਾਂ ਵਾਰਿਸ ਲੱਭ ਰਹੀ ਹੈ। ਹਾਕਮ ਧਿਰ ਵੱਲੋਂ ਮੋਗਾ, ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਿਆਂ ਤੋਂ ਟਿਕਟਾਂ ਹਾਸਲ ਕਰਨ ਲਈ ਕਈ ਕਾਂਗਰਸੀ ਆਗੂ ਜ਼ੋਰ ਅਜ਼ਮਾਈ ਕਰ ਰਹੇ ਹਨ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਅਕਾਲੀ ਦਲ ਜੋੜ-ਤੋੜ ਕਰ ਰਿਹਾ ਹੈ। ਅਕਾਲੀ ਕੌਂਸਲਰ ਜਗਦੀਪ ਸਿੰਘ ਗਟੜਾ ਇਥੇ ਕੁੱਲ 13 ਕੌਂਸਲਰਾਂ ਵਿੱਚੋਂ 7 ਕੌਂਸਲਰਾਂ ਦੇ ਪਾਰਟੀ ਨਾਲ ਹੋਣ ਦਾ ਦਾਅਵਾ ਕਰ ਰਹੇ ਹਨ, ਜਦੋਂ ਕਿ ਕਾਂਗਰਸ ਕੋਲ 6 ਕੌਂਸਲਰ ਹਨ। ਇਥੇ ਹਾਕਮ ਧਿਰ ਵੱਲੋਂ ਸਾਬਕਾ ਪ੍ਰਧਾਨ ਇੰਦਰਜੀਤ ਜੌਲੀ ਗਰਗ ਪ੍ਰਧਾਨਗੀ ਦੀ ਦੌੜ ਵਿੱਚ ਹਨ। ਬੱਧਨੀ ਕਲਾਂ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਹਾਕਮ ਧਿਰ ਕੋਲ ਬਹੁਮਤ ਹੈ ਅਤੇ 13 ਵਿੱਚੋਂ 9 ਕੌਂਸਲਰ ਹਾਕਮ ਧਿਰ ਦੇ ਹਨ।