ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 1 ਫਰਵਰੀ
ਗਿੱਦੜਬਾਹਾ ਦੀਆਂ ਮਾਵਾਂ, ਭੈਣਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੇ ਅਸ਼ੀਰਵਾਦ ਸਦਕਾ ਬਾਦਲ ਪਰਿਵਾਰ ਦੇ ਗੜ੍ਹ ਵਿੱਚ ਕਾਂਗਰਸ ਦਾ ਝੰਡਾ ਲਹਿਰਾਉਣ ਵਿੱਚ ਸਫਲ ਹੋਇਆਂ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਦੇਰ ਰਾਤ ਵਾਰਡ ਨੰਬਰ 3 ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਜਦੋਂ 2012 ਵਿੱਚ ਪਹਿਲੀ ਵਾਰ ਕਾਂਗਰਸ ਦੀ ਟਿਕਟ ਲੈ ਕੇ ਉਹ ਗਿੱਦੜਬਾਹਾ ਆਏ ਸਨ ਤਾਂ ਰਿਸ਼ਤੇਦਾਰਾਂ ਅਤੇ ਰਾਜਨੀਤਕ ਪੰਡਿਤਾਂ ਨੇ ਕਿਹਾ ਸੀ ਕਿ ਗਿੱਦੜਬਾਹਾ ਤੋਂ ਟਿਕਟ ਲੈ ਕੇ ਰਾਜਾ ਵੜਿੰਗ ਨੇ ਆਪਣਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਖੁਦਕੁਸ਼ੀ ਕਰ ਲਈ ਹੈ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੰਨ 2017 ਵਿੱਚ ਪਹਿਲਾਂ ਨਾਲੋਂ ਵੀ ਵੱਧ ਪਿਆਰ ਦਿੰਦਿਆਂ ਗਿੱਦੜਬਾਹਾ ਵਾਸੀਆਂ ਨੇ ਦੂਜੀ ਵਾਰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਉਹ ਤਮਾਮ ਵਾਅਦੇ ਪੂਰੇ ਕੀਤੇ ਹਨ ਜੋ ਗਿੱਦੜਬਾਹਾ ਹਲਕਾ ਵਾਸੀਆਂ ਨਾਲ ਕੀਤੇ ਸਨ।
ਰਾਜਾ ਵੜਿੰਗ ਨੇ ਹਲਕਾ ਵਾਸੀਆਂ ਤੋਂ ਤੀਜੀ ਵਾਰ ਵੀ ਅਸ਼ੀਰਵਾਦ ਮੰਗਦਿਆਂ ਕਿਹਾ ਕਿ ਕਈ ਲੋਕਾਂ ਨੂੰ ਮੇਰੇ ਨਾਲ ਗਿਲੇ-ਸ਼ਿਕਵੇ ਹੋਣਗੇ ਜਿਨ੍ਹਾਂ ਦੇ ਕੰਮ ਨਹੀਂ ਹੋ ਸਕੇ।
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿੱਚ ਹਲਕੇ ਦੇ ਦਿਓਣ ਬੱਲੂਆਣਾ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ 111 ਦਿਨਾਂ ਦੀ ਸਰਕਾਰ ਅੰਦਰ ਹੀ ਉਨ੍ਹਾਂ ਵੱਲੋਂ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ ਡੇਢ ਕਰੋੜ ਰੁਪਏ ’ਤੇ ਲਿਆਂਦੀ ਹੈ ਅਤੇ ਪੰਜਾਬ ਦੇ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਵਿੰਦਰ ਸਿੰਘ ਲਾਡੀ ਇਮਾਨਦਾਰ ਇਨਸਾਨ ਹਨ ਤੇ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਹਲਕੇ ਦਾ ਭਰਪੂਰ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਕੋਲ ਦਿਨ ਬਹੁਤ ਘੱਟ ਸਨ ਪਰ ਉਨ੍ਹਾਂ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੁਲਾਜ਼ਮ ਪੱਕੇ ਕਰਨ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਥਰਮਲ ਪਲਾਂਟ ਬੰਦ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ। ਇਸੇ ਤਰ੍ਹਾਂ ਹੀ ਬੱਲੂਆਣਾ ਵਿੱਚ ਬੀਕੇਯੂ ਡਕੌਂਦਾ ਵੱਲੋਂ ਰਾਜਾ ਵੜਿੰਗ ਨੂੰ ਸਵਾਲ-ਜਵਾਬ ਕੀਤੇ ਗਏ।