ਪੱਤਰ ਪ੍ਰੇਰਕ
ਰੂੜੇਕੇ ਕਲਾਂ, 9 ਫਰਵਰੀ
ਪਿੰਡ ਧੌਲਾ ਦੇ 75 ਸਾਲਾ ਬਜ਼ੁਰਗ ਚੂਹੜ ਸਿੰਘ ਪੁੱਤਰ ਗੁਰਦਿਆਲ ਸਿੰਘ ਵੱਲੋਂ ਆਪਣੀ ਨੂੰਹ ਦੇ ਇੱਕ ਗਵਾਂਢੀ ਨਾਲ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲੀਸ ਨੂੰ ਦਿੱਤੇ ਲਿਖਤੀ ਬਿਆਨਾਂ ਅਨੁਸਾਰ ਚੂਹੜ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਸੰਦੀਪ ਕੌਰ ਦੇ ਆਪਣੇ ਗੁਆਂਢੀ ਬਲਵਿੰਦਰ ਸਿੰਘ ਪੁੱਤਰ ਬੀਰ੍ਹਾ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਪਿਛਲੇ ਦਿਨ ਤੋਂ ਆਪਣੇ ਚਾਰ ਬੱਚਿਆਂ ਸਮੇਤ ਉਸ ਨੂੰ ਛੱਡ ਕੇ ਗੁਆਂਢੀ ਦੇ ਘਰ ਰਹਿ ਰਹੀ ਸੀ। ਉਸ ਦੇ ਪਿਤਾ ਨੇ ਕੁੱਝ ਦਿਨ ਪਹਿਲਾਂ ਜਦ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਉਸ ਦੀ ਨੂੰਹ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਜ਼ਲੀਲ ਕੀਤਾ ਜਿਸ ਤੋਂ ਦੁਖੀ ਹੋਕੇ ਉਸ ਨੇ ਖੇਤ ਵਿੱਚ ਜਾ ਕੇ ਇੱਕ ਦਰੱਖ਼ਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਥਾਣਾ ਰੂੜੇਕੇ ਕਲਾਂ ਦੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਸੰਦੀਪ ਕੌਰ ਪੁੱਤਰੀ ਬੰਤ ਸਿੰਘ ਵਾਸੀ ਮਾਨਸਾ, ਬਲਵਿੰਦਰ ਸਿੰਘ ਪੁੱਤਰ ਬੀਰ੍ਹਾ ਸਿੰਘ, ਬੀਰ੍ਹਾ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਪਾਲ ਕੌਰ ਪਤਨੀ ਬੀਰ੍ਹਾ ਸਿੰਘ ਤਿੰਨੇ ਵਾਸੀ ਖੁੱਡੀ ਪੱਤੀ ਧੌਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।