ਗੁਰਵਿੰਦਰ ਸਿੰਘ
ਰਾਮਪੁਰਾ ਫੁੂਲ, 5 ਜਨਵਰੀ
ਪਿੰਡ ਫੂਲ ਤੋਂ ਪਿੰਡ ਵਾਸੀਆਂ ਨੇ ਦਿੱਲੀ ’ਚ ਕਿਸਾਨ ਮੋਰਚੇ ਦੌਰਾਨ ਡਟੇ ਕਿਸਾਨਾਂ ਦੀ ਮਦਦ ਲਈ 42 ਕੁਇੰਟਲ ਸਬਜ਼ੀਆਂ ਇਕੱਠੀਆਂ ਕਰ ਕੇ ਭੇਜੀਆਂ ਹਨ। ਗੁਰੂਘਰ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਨਗਰ ਫੂਲ ਤੋਂ ਪਿੰਡ ਵਾਸੀਆਂ ਨੇ ਦਿੱਲੀ ਅੰਦਰ ਕਿਸਾਨਾਂ ਦੀ ਹਰ ਮਦਦ ਕਰਨ ਦਾ ਫੈਸਲਾ ਲੈਂਦਿਆਂ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਤੇ ਹੋਰ ਲੋੜੀਂਦਾ ਸਾਮਾਨ ਇਕੱਠਾ ਕਰਕੇ ਅੱਠਵੇਂ ਜਥੇ ਰਾਹੀਂ ਗੁਰਦੁਆਰਾ ਅਕਾਲਗੜ੍ਹ ਤੋਂ ਦਿੱਲੀ ਲਈ ਕੈਂਟਰ ਦੁਆਰਾ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੋਰਚਾ ਲੰਬਾ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਵਸਤਾਂ ਦੀ ਮੋਰਚੇ ਲਈ ਬਹੁਤ ਜ਼ਰੂਰਤ ਹੈ, ਜਿਸ ਤਹਿਤ ਨਗਰ ਫੂਲ ਦੇ ਪਿੰਡ ਵਾਸੀਆਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ ਹੈ। ਨੌਜਵਾਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਹੁਣ ਤੱਕ 55 ਦੇ ਕਰੀਬ ਕਿਸਾਨਾਂ ਦੀ ਇਸ ਮੋਰਚੇ ਅੰਦਰ ਸ਼ਹਾਦਤ ਹੋ ਚੁੱਕੀ ਹੈ।