ਪੱਤਰ ਪ੍ਰੇਰਕ
ਲੰਬੀ, 20 ਅਕਤੂਬਰ
ਲੰਬੀ ਪੁਲੀਸ ਨੇ ਇਲਾਕੇ ਦੇ ਕਈ ਪਿੰਡਾਂ ਦੇ ਨੌਜਵਾਨਾਂ ‘ਤੇ ਆਧਾਰਤ ਸੰਗਠਿਤ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੇ ਅੱਠ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਚੋਰੀ ਦਾ ਸਮਾਨ ਖਰੀਦਣ ਵਾਲੇ ਦੋ ਵਿਅਕਤੀ ਵੀ ਸ਼ਾਮਲ ਹਨ। ਮੁਲਜਮਾਂ ਤੋਂ ਚਾਰ ਚੋਰੀਸ਼ੁਦਾ ਟਰਾਂਸਫਾਰਮਰਾਂ ਦਾ 40 ਕਿਲੋ ਤਾਂਬਾ ਅਤੇ ਬਾਹਰੀ ਢਾਂਚਾ, ਤਿੰਨ ਪਾਣੀਆਂ ਦੀਆਂ ਮੋਟਰਾਂ, ਮੋਟਰਸਾਈਕਲ, ਚਾਰ ਕੁਇੰਟਲ ਕਣਕ ਆਦਿ ਬਰਾਮਦ ਹੋਇਆ ਹੈ। । ਲੰਬੀ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜਮਾਂ ਵਿੱਚ ਹਰਮੀਤ ਸਿੰਘ ਉਰਫ ਬਿੱਟੂ ਵਾਸੀ ਫਤੂਹੀ ਖੇੜਾ, ਜਸਵਿੰਦਰ ਸਿੰਘ ਉਰਫ ਗੋਰੀ ਸ਼ੂਟਰ ਵਾਸੀ ਸਹਿਣਾ ਖੇੜਾ, ਰਵੀ ਸਿੰਘ, ਜੱਜ ਸਿੰਘ, ਗੁਰਵਿੰਦਰ ਸਿੰਘ ਉਰਫ ਬੱਗੋ ਅਤੇ ਬੇਅੰਤ ਸਿੰਘ ਵਾਸੀ ਤੱਪਾ ਖੇੜਾ, ਸੱਤਪਾਲ ਉਰਫ਼ ਸੱਤਾ ਵਾਸੀ ਖੁੱਡੀਆਂ ਮਹਾਂ ਸਿੰਘ ਅਤੇ ਹਰਦੀਪ ਸਿੰਘ ਉਰਫ਼ ਗੋਪਾ ਵਾਸੀ ਮਾਹੂਆਣਾ ਸ਼ਾਮਲ ਹਨ। ਥਾਣਾ ਮੁਖੀ ਅਨੁਸਾਰ ਮੁਲਜ਼ਮ ਚੋਰੀ ਕੀਤਾ ਸਾਮਾਨ ਸਤਪਾਲ ਉਰਫ ਸੱਤਾ ਵਾਸੀ ਖੁੱਡੀਆ ਮਹਾਂ ਸਿੰਘ ਅਤੇ ਹਰਦੀਪ ਸਿੰਘ ਉਰਫ ਵਾਸੀ ਮਾਹੂਆਣਾ ਨੂੰ ਵੇਚਦੇ ਸਨ। ਇਹ ਸਾਰੇ ਮੁਲਜਮ ਇੱਕ ਗਰੋਹ ਵਜੋਂ ਆਪੋ-ਆਪਣੀ ਭਾਗੇਦਾਰੀ ਨਿਭਾਉਂਦੇ ਸਨ। ਉਨ੍ਹਾਂ ਕਿਹਾ ਕਿ ਗਰੋਹ ਦੇ ਕਈ ਮੈਂਬਰਾਂ ’ਤੇ ਪਹਿਲਾਂ ਵੀ ਚੋਰੀ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਥਾਣਾ ਮੁਖੀ ਨੇ ਕਿਹਾ ਕਿ ਅਦਾਲਤ ਤੋਂ ਮੁਲਜਮਾਂ ਦਾ ਦੋ ਦਿਨਾਂ ਰਿਮਾਂਡ ਹਾਸਲ ਹੋਇਆ ਹੈ।