ਟ੍ਰਿਬਿਊਨ ਨਿਊਜ਼ ਸਵਰਿਵਸ
ਕੋਟਕਪੂਰਾ, 22 ਅਕਤੂਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਅੱਜ ਮੀਡੀਆ ‘ਚ ਖੁਲਾਸਾ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੈਟ੍ਰਿਕ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਤੋਂ 2020 ਤੇ 2021 ਵਿੱਚ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਰਾਹੀਂ 180 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਸਾਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਰੋਨਾ ਕਰਕੇ ਨਾ ਹੋਣ ਕਾਰਨ ਇਹ ਸਾਰੀ ਰਕਮ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਜਮ੍ਹਾਂ ਪਈ ਹੈ। ਇਹ ਫੀਸਾਂ ਵਾਪਸ ਕਰਨ ਲਈ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕਰਨ ਦੇ ਬਾਵਜੂਦ ਵੀ ਕਰੋੜਾਂ ਰੁਪਏ ਦੀ ਇਹ ਰਕਮ ਵਿਦਿਆਰਥੀਆਂ ਨੂੰ ਵਾਪਸ ਨਹੀਂ ਕੀਤੀ ਗਈ। ਹੁਣ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2022 ਵਿੱਚ ਮੈਟ੍ਰਿਕ ਜਮਾਤ ਦੇ ਵਿਦਿਆਰਥੀ ਤੋਂ ਪ੍ਰੀਖਿਆ ਫੀਸ ਅਤੇ ਪ੍ਰਯੋਗੀ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਦੀ ਕਾਪੀ ਦੇਣ ਦੇ ਰੂਪ ਵਿੱਚ 1200 ਰੁਪਏ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਤੋਂ 1750 ਰੁਪਏ 29 ਅਕਤੂਬਰ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਉਣ ਲਈ ਸਮੂਹ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪਿਛਲੇ ਦੋ ਸਾਲਾਂ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਕੱਠੇ ਕੀਤੇ ਗਏ ਲਗਪਗ 180 ਕਰੋੜ ਰੁਪਏ ਜਾਂ ਤਾਂ ਸਬੰਧਤ ਵਿਦਿਆਰਥੀਆਂ ਨੂੰ ਵਾਪਸ ਕੀਤੀ ਜਾਵੇ ਜਾਂ ਮਾਰਚ 2022 ਵਿੱਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਕੋਲੋਂ ਕੋਈ ਫੀਸ ਇਕੱਠੀ ਨਾ ਕੀਤੀ ਜਾਵੇ।