ਪੱਤਰ ਪ੍ਰੇਰਕ
ਬਠਿੰਡਾ, 26 ਜੂਨ
ਕਰੋਨਾਵਾਇਰਸ ਦੀ ਮਾਰ ਟਰਾਂਸਪੋਰਟ ਧੰਦੇ ਨੂੰ ਸੜਕ ਤੋਂ ਉਤਾਰ ਰਹੀ ਹੈ। ਮਿਨੀ ਬੱਸ ਤੋਂ ਲੈ ਟੈਕਸੀ ਡਰਾਈਵਰ ਦੇ ਮਾਲਕਾਂ ਦੀ ਆਰਥਿਕਤਾ ਸੜਕ ਤੋਂ ਉੱਤਰ ਗਈ ਹੈ। ਪੰਜਾਬ ਸਰਕਾਰ ਵੱਲੋਂ ਘੱਟ ਸਵਾਰੀਆਂ ਵਾਲੇ ਨਿਯਮ ਵੱਡਾ ਅੜਿੱਕਾ ਬਣੇ ਹੋਏ ਹਨ, ਉੱਤੋਂ ਪੈਟਰੋਲ ਅਤੇ ਡੀਜ਼ਲ ਦੀਆ ਦਿਨੋਂ ਦਿਨ ਵੱਧ ਰਹੀਆਂ ਕੀਮਤਾਂ ਨੇ ਕਾਰੋਬਾਰ ਨੂੰ ਤਬਾਹੀ ਦੇ ਕੰਢੇ ਲੈ ਆਂਦਾ ਹੈ। ਇੱਕ ਸਰਵੇ ਮੁਤਾਬਿਕ ਵੱਡੀ ਬੱਸ 50 ਪ੍ਰਤੀਸ਼ਤ ਸਵਾਰੀਆਂ ਨਾਲ ਸੜਕ ’ਤੇ ਦੌੜਦੀ ਹੈ ਤਾਂ ਜਿਸ ਦੀ ਕਮਾਈ ਪ੍ਰਤੀ ਕਿਲੋਮੀਟਰ ਆਮਦਨ 15 ਤੋਂ 20 ਰੁਪਏ ਹੈ ਅਤੇ ਡੀਜ਼ਲ ਦੀ ਖਪਤ 18 ਰੁਪਏ ਪ੍ਰਤੀ ਕਿਲੋਮੀਟਰ ਪੈ ਰਹੀ ਹੈ ਤਾਂ ਇਸ ਕਾਰਨ ਆਮਦਨ ਨਾਲੋਂ ਖ਼ਰਚੇ ਵੱਧ ਗਏ ਹਨ। ਬੱਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਨੇ ਪੰਜਾਬੀ ਟ੍ਰਿਬਿਊਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਹੋਰ ਖ਼ਰਚਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੱਡਾ ਫ਼ੀਸ, ਹਾਕਰ ਖ਼ਰਚੇ ਸਮੇਤ ਡਰਾਈਵਰ ਕੰਡਕਟਰਾਂ ਦੀ ਤਨਖ਼ਾਹ ਸਮੇਤ ਹੋਰ ਵੀ ਖ਼ਰਚੇ ਪੈ ਰਹੇ ਹਨ ਪਰ ਕਮਾਈ ਵਾਲੀ ਗੱਡੀ ਨਹੀਂ ਰੁੜ੍ਹ ਰਹੀ। ਇਹ ਵੱਡੀ ਵਜ੍ਹਾ ਹੈ ਕਿ ਬਠਿੰਡਾ ਖੇਤਰ ਵਿਚ 80 ਫ਼ੀਸਦੀ ਟਰਾਂਸਪੋਰਟ ਬੰਦ ਹੋ ਚੁੱਕੀ ਹੈ ਪਰ ਲੋਕ ਸਹੂਲਤ ਲਈ ਬਣੀ ਪਬਲਿਕ ਟਰਾਂਸਪੋਰਟ ਹਰ ਰੋਜ਼ ਘਾਟਾ ਵਾਲਾ ਸੌਦਾ ਸਾਬਤ ਹੋ ਰਹੀ ਹੈ। ਬੱਸ ਅਪਰੇਟਰਾਂ ਦੇ ਪ੍ਰਧਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਤੇ ਟੈਕਸ ਘੱਟ ਕਰ ਕੇ ਰਾਹਤ ਦਿੱਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਮੰਗ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਵਾਅਦੇ ਮੁਤਾਬਿਕ 30 ਜੂਨ ਤੱਕ ਟੈਕਸ ਮੁਆਫ਼ ਕੀਤਾ ਜਾਵੇ। ਸਰਕਾਰ ਤੋਂ ਮੰਗ ਕੀਤੀ ਕਿ ਮਹਾਂਮਾਰੀ ਦੌਰਾਨ ਘਰਾਂ ਵਿਚ ਖੜੀਆਂ ਬੱਸਾਂ ਗੱਡੀਆਂ ਦਾ ਬੀਮਾ ਵੀ ਨਾ ਲਿਆ ਜਾਵੇ। ਜੋ ਬੀਮੇ ਲਗਾਤਾਰ ਚੱਲ ਰਹੇ ਹਨ, ਬੀਮੇ ਦੀ ਕਿਸ਼ਤ ਨਾ ਲਈ ਜਾਵੇ ਅਤੇ ਬੈਂਕ ਵਿਆਜ ਮੁਆਫ਼ ਕੀਤਾ ਜਾਵੇ।