ਪੱਤਰ ਪ੍ਰੇਰਕ
ਫ਼ਾਜ਼ਿਲਕਾ, 28 ਅਕਤੂਬਰ
ਕਰੋਨਾ ਮਹਾਂਮਾਰੀ ਦੌਰਾਨ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਇਕ ਟਰੱਕ ਓਪਰੇਟਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਦੇ ਗਾਂਧੀ ਨਗਰ ਵਾਸੀ ਸਤਿੰਦਰ ਕੁਮਾਰ (55) ਪੁੱਤਰ ਮੋਹਨ ਲਾਲ ਇਕ ਗੱਡੀ ਦਾ ਮਾਲਕ ਸੀ ਅਤੇ ਖ਼ੁਦ ਗੱਡੀ ਚਲਾਉਂਦਾ ਸੀ। ਕਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫ਼ਿਊ ਅਤੇ ਤਾਲਾਬੰਦੀ ਕਾਰਨ ਉਸ ਦੀ ਗੱਡੀ ਨੂੰ ਕੰਮ ਨਹੀਂ ਮਿਲ ਸਕਿਆ, ਜਿਸ ਕਾਰਨ ਉਸ ਦੇ ਘਰ ਦੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਗਏ। ਇਸ ਦੇ ਚੱਲਦਿਆਂ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਸ ਦਾ ਪਤਾ ਚੱਲਦੇ ਹੀ ਉਸ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪੋਸਟਮਾਰਟਮ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।