ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 1 ਅਗਸਤ
ਕਰੋਨਾ ਮਹਾਂਮਾਰੀ ਕਾਰਨ ਸੂਬੇ ਵਿੱਚ ਲੱਗੇ ਕਰਫਿਊ ਤੇ ਲਾਕਡਾਊਨ ਨੇ ਜਿੱਥੇ ਆਮ ਲੋਕਾਂ ਦੀ ਆਰਥਿਕਤਾ ਦਾ ਲੱਕ ਤੋੜਿਆ ਹੈ, ਉੱਥੇ ਹੀ ਪ੍ਰਸ਼ਾਸਨ ਨੇ ਜੁਰਮਾਨਿਆ ਰਾਹੀਂ ਲੱਖਾਂ ਰੁਪਏ ਵਸੂਲਣ ਦਾ ਰਿਕਾਰਡ ਕਾਇਮ ਕੀਤਾ ਹੈ। ਜ਼ਿਲ੍ਹਾ ਪੁਲੀਸ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਨੂੰ ਲਾਜ਼ਮੀ ਕਰਨ ਤੋਂ ਬਾਅਦ ਕੀਤੀ ਗਈ ਸਖ਼ਤੀ ਦੌਰਾਨ 6700 ਲੋਕਾਂ ਦੇ ਚਲਾਨ ਕੱਟ ਕੇ ਸਰਕਾਰ ਦੇ ਖਜ਼ਾਨੇ ਵਿੱਚ 32 ਲੱਖ ਰੁਪਏ ਜਮ੍ਹਾ ਕਰਵਾਇਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਨੇਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ 232 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਬਿਨਾਂ ਮਾਸਕ ਤੋਂ ਬਾਹਰ ਘੁੰਮਣ ਵਾਲੇ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 5000 ਰੁਪਏ ਦੇ ਚਲਾਨ ਕੀਤੇ ਗਏ ਹਨ। ਸੂਚਨਾ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਬਿਨਾਂ ਮਾਸਕ ਤੋਂ ਘਰੋਂ ਨਿਕਲਣ ਵਾਲੇ 6532 ਲੋਕਾਂ ਦੇ ਚਲਾਨ ਕੱਟ ਕੇ 3,101,800 ਦੀ ਰਾਸ਼ੀ ਦਾ ਜੁਰਮਾਨੇ ਵਜੋਂ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲੇ 39 ਲੋਕਾਂ ਦੇ ਚਲਾਨ ਕੱਟ ਕੇ 7100 ਰੁਪਏ ਦੀ ਰਾਸ਼ੀ ਜੁਰਮਾਨੇ ਵਜੋਂ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ 7 ਲੋਕਾਂ ਦੇ ਚਲਾਨ ਕੱਟ ਕੇ 15 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।