ਗੁਰਜੰਟ ਕਲਸੀ
ਸਮਾਲਸਰ, 1 ਮਾਰਚ
ਪਿੰਡ ਲੰਗੇਆਣਾ ਕਲਾਂ ਵਿਖੇ ਵਾਟਰ ਵਰਕਸ ਤੋਂ ਆਉਂਦਾ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਰਕੇ ਪਿੰਡ ਦੇ ਬਹੁਤ ਸਾਰੇ ਲੋਕ ਪੇਚਸ਼ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਬਹੁਤੇ ਪਿੰਡ ਵਾਸੀਆਂ ਨੇ ਪੇਟ ਦਰਦ, ਟੱਟੀਆਂ, ਉਲਟੀਆਂ ਦੀਆਂ ਬਿਮਾਰੀਆਂ ਦੀ ਸ਼ਿਕਾਇਤ ਕੀਤੀ ਹੈ। ਵਿਭਾਗੀ ਲਾਪ੍ਰਵਾਹੀ ਕਾਰਨ ਮਹਿੰਗਾਈ ਦੇ ਯੁੱਗ ਵਿਚ ਪਿੰਡ ਵਾਸੀ ਇਲਾਜ ’ਤੇ ਹਜ਼ਾਰਾਂ ਰੁਪਏ ਖਰਚਣ ਲਈ ਮਜਬੂਰ ਹਨ। ਪੰਚਾਇਤ ਮੈਂਬਰ ਦਲੀਪ ਕੌਰ, ਸਾਬਕਾ ਪੰਚ ਮੁਖਤਿਆਰ ਸਿੰਘ ਅਤੇ ਹੋਰਨਾਂ ਪੀੜਤਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ ਪੰਜ ਦਿਨਾਂ ਤੋਂ ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਦੂਸ਼ਿਤ ਹੋਣ ਕਰਕੇ ਅਜਿਹਾ ਹੋ ਰਿਹਾ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਾਣੀ ਵਾਲੀਆਂ ਪਾਈਪ ਲਾਈਨਾਂ ’ਚੋਂ ਨੁਕਸ ਲੱਭਣ ਦਾ ਯਤਨ ਕਰ ਰਹੇ ਹਨ। ਇਸ ਸਬੰਧੀ ਜਦੋਂ ਸਬੰਧਤ ਵਾਟਰ ਵਰਕਸ ਸਪਲਾਈ ਵਿਭਾਗ ਨੂੰ ਪਿੰਡ ਵੱਲੋਂ ਸੂਚਨਾ ਦਿੱਤੀ ਗਈ ਤਾਂ ਵਿਭਾਗ ਦੇ ਕਰਮਚਾਰੀਆਂ ਇਕਬਾਲ ਸਿੰਘ ਜੇ.ਈ, ਵੀਰਕਰਨ ਸਿੰਘ, ਰਾਜਵੰਤ ਕੌਰ ਅਤੇ ਫ਼ਕੀਰ ਸਿੰਘ ਦੀ ਟੀਮ ਵੱਲੋਂ ਪਿੰਡ ਦੀ ਵਾਟਰ ਸਪਲਾਈ ਲਾਈਨ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਣੀ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਨਾਲੀਆਂ ਨਜ਼ਦੀਕ ਜੋ ਟੂਟੀਆਂ ਲੱਗੀਆਂ ਹੋਈਆਂ ਹਨ ਉਹ ਬਗੈਰ ਕਿਸੇ ਕਾਰਕ ਦੇ ਖੁੱਲ੍ਹੇ ਮੂੰਹਾਂ ਵਾਲੀਆਂ ਹਨ ਅਤੇ ਕੁਝ ਟੂਟੀਆਂ ਫ਼ਿਰਨੀ ਵਾਲੇ ਘਰਾਂ ਦੀਆਂ ਸੀਵਰੇਜ ਵਾਲੇ ਗੰਦੇ ਨਾਲੇ ਦੇ ਬਿਲਕੁਲ ਨਾਲ ਲਗਦੀਆਂ ਹਨ ਜਿਨ੍ਹਾਂ ਕਾਰਨ ਅਜਿਹੀ ਨੌਬਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਦੌਧਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਚੱਲ ਰਹੀ ਹੈ ਉਸ ਪਾਈਪ ਲਾਈਨ ਵਿੱਚ ਕੋਈ ਨੁਕਸ ਨਹੀਂ ਹੈ। ਅਜੇ ਤੱਕ ਕੋਈ ਅਸਲੀਅਤ ਸਾਹਮਣੇ ਤਾਂ ਨਹੀਂ ਆਈ ਪ੍ਰੰਤੂ ਸਬੰਧਤ ਵਾਟਰ ਵਰਕਸ ਸਪਲਾਈ ਵਿਭਾਗ ਵੱਲੋਂ ਪੂਰੀ ਸਰਗਰਮੀ ਨਾਲ ਅਗਲੇਰੀ ਜਾਂਚ ਅਜੇ ਜਾਰੀ ਚੱਲ ਰਹੀ ਹੈ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਅਤੇ ਜੀ ਓ ਜੀ ਸਤਨਾਮ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ, ਜੱਗਾ ਸਿੰਘ, ਮਲਕੀਤ ਸਿੰਘ, ਗੀਤਕਾਰ ਚਰਨਾਂ ਲੰਗੇਆਣਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ’ਚੋਂ ਪਿਛਲੇ ਕਈ ਦਿਨਾਂ ਤੋਂ ਬਦਬੂ ਵੀ ਆ ਰਹੀ ਹੈ।