ਪੱਤਰ ਪ੍ਰੇਰਕ
ਸ਼ਹਿਣਾ, 21 ਅਕਤੂਬਰ
ਕਸਬੇ ਸ਼ਹਿਣਾ ਦੇ ਕਿਸਾਨ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਚੰਦ ਦੇ 5 ਏਕੜ ਝੋਨੇ ਵਿੱਚ ਫੋਕ, ਵਾਇਰਸ ਆ ਜਾਣ ਕਾਰਨ ਦਾਣਾ ਨਹੀਂ ਬਣਿਆ ਹੈ। ਇਸ ਕਾਰਨ ਕਿਸਾਨ ਨੂੰ 5 ਏਕੜ ਝੋਨੇ ਦੀ ਫਸਲ ਵਾਹੁਣੀ ਪਈ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੇ ਪਿੰਡ ਵਿਧਾਤੇ ਕੋਲ 22 ਏਕੜ ਜ਼ਮੀਨ 57 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ ਅਤੇ ਮਹਿੰਗੇ ਭਾਅ ਦਾ ਬੀਜ ਪਾਇਆ ਸੀ। ਪ੍ਰਤੀ ਕਿੱਲਾ 10 ਹਜ਼ਾਰ ਰੁਪਏ ਦਾ ਬੀਜ ਪਿਆ ਸੀ ਅਤੇ ਹੋਰ ਖਰਚਾ ਵੱਖਰਾ ਸੀ। ਉਨਾਂ ਦੱਸਿਆ ਕਿ ਫਸਲ ਪੱਕਣ ਸਮੇਂ ਅਜਿਹਾ ਵਾਇਰਸ ਪਿਆ ਕਿ ਦਾਣਾ ਖਰਾਬ ਹੋ ਗਿਆ ਅਤੇ ਫਸਲ ਫੋਕ ਵਿੱਚ ਬਦਲ ਗਈ। ਪੀੜਤ ਕਿਸਾਨ ਨੇ ਖੇਤੀਬਾੜੀ ਵਿਭਾਗ ਤੱਕ ਪਹੁੰਚ ਕੀਤੀ। ਖੇਤੀਬਾੜੀ ਵਿਭਾਗ ਦੇ ਏਡੀਓ. ਗੁਰਚਰਨ ਸਿੰਘ ਨੇ ਟੀਮ ਸਮੇਤ ਫਸਲ ਦਾ ਨਿਰੀਖਣ ਕੀਤਾ ਅਤੇ ਦਵਾਈਆਂ ਛਿੜਕਣ ਦੀ ਸਿਫਾਰਸ਼ ਕੀਤੀ। ਕਿਸਾਨ ਵੱਲੋਂ ਸਪਰੇਅ ਕੀਤੇ ਜਾਣ ਦੇ ਬਾਵਜੂਦ ਫਸਲ ਨੂੰ ਕੋਈ ਫਰਕ ਨਹੀਂ ਪਿਆ ਅਤੇ ਮਜਬੂਰ ਹੋ ਕੇ ਕਿਸਾਨ ਨੂੰ ਆਪਣੀ ਫਸਲ ਵਾਹੁਣੀ ਪਈ। ਕਿਸਾਨ ਨੂੰ ਕੁਲ ਮਿਲਾ ਕੇ 5 ਲੱਖ ਰੁਪਏ ਦਾ ਘਾਟਾ ਪਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਥਾਨਕ ਪ੍ਰਧਾਨ ਗੁਰਪ੍ਰੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਵਿੰਦਰ ਸਿੰਘ ਨਾਮਧਾਰੀ ਨੇ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।