ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਕਤੂਬਰ
ਦਿੱਲੀ ਸਮੇਤ ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਪੈ ਰਹੇ ਮੀਂਹ ਤੋਂ ਬਾਅਦ ਅੱਜ ਮਾਲਵਾ ਖੇਤਰ ਵਿੱਚ ਮੀਂਹ ਪੈਣ ਕਾਰਨ ਖੇਤਾਂ ਵਿੱਚ ਝੋਨੇ ਦੀ ਵਢਾਈ, ਖਰੀਦ ਕੇਂਦਰਾਂ ਵਿੱਚ ਤੁਲਾਈ ਅਤੇ ਨਰਮੇ ਦੀ ਚੁਗਾਈ ਦਾ ਕਾਰਜ ਖੜ੍ਹ ਗਿਆ ਹੈ। ਵਿਗੜੇ ਮੌਸਮ ਤੋਂ ਇਕੱਲਾ ਅੰਨਦਾਤਾ ਹੀ ਨਹੀਂ ਘਬਰਾਇਆ, ਸਗੋਂ ਇਸ ਨੇ ਮੰਡੀਆਂ ਵਿੱਚ ਝੋਨੇ ਦੀ ਤੁਲਾਈ, ਸਿਲਾਈ, ਝਰਾਈ ਅਤੇ ਭਰਾਈ ਕਰਨ ਵਾਲੇ ਮਜ਼ਦੂਰਾਂ ਦਾ ਕਾਰਜ ਵੀ ਖਿਲਾਰ ਧਰਿਆ ਹੈ। ਇਸ ਕਿਣਮਿਣ ਤੋਂ ਆੜ੍ਹਤੀਆਂ ਅਤੇ ਝੋਨਾ ਖਰੀਦਣ ਵਾਲਾ ਵਪਾਰੀ ਵੀ ਘਬਰਾ ਗਿਆ ਹੈ, ਜਦੋਂ ਕਿ ਖਰੀਦ ਕੇਂਦਰਾਂ ਵਿੱਚ ਫ਼ਸਲਾਂ ਨੂੰ ਤੁਲਾਉਣ ਵਾਲੇ ਅਧਿਕਾਰੀ ਵੀ ਡਰ ਗਏ ਹਨ। ਹਲਕੇ ਮੀਂਹ ਕਾਰਨ ਜਿਣਸ ਨੂੰ ਸਿੱਲ੍ਹ ਅਤੇ ਭਿੱਜਣ ਤੋਂ ਬਚਾਉਣ ਲਈ ਸਰਕਾਰੀ ਅਧਿਕਾਰੀਆਂ ਦੀ ਦੋਹਰੀ ਡਿਊਟੀ ਹੋ ਗਈ ਹੈ, ਜਦੋਂ ਕਿ ਤਰਪਾਲਾਂ ਅਤੇ ਹੋਰ ਬੰਦੋਬਸਤ ਲਈ ਆੜ੍ਹਤੀਆਂ ਨੂੰ ਝੋਰਾ ਵੱਢ-ਵੱਢ ਖਾਣ ਲੱਗਿਆ ਹੈ।
ਮਾਲਵਾ ਖੇਤਰ ਵਿੱਚ ਅੱਜ-ਕੱਲ੍ਹ ਝੋਨੇ ਦੀ ਵਢਾਈ, ਤੁਲਾਈ ਅਤੇ ਨਰਮੇ ਦੀ ਚੁਗਾਈ ਦਾ ਕਾਰਜ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਮੌਸਮ ਦੇ ਮਿਜ਼ਾਜ ਵਿਗੜਦਿਆਂ ਹੀ ਕਿਸਾਨ ਘਬਰਾਉਣ ਲੱਗਿਆ ਹੈ, ਕਿਉਂਕਿ ਥੋੜੀ ਜਿਹੀ ਸਿੱਲ ਨਾਲ ਹੀ ਖੇਤਾਂ ਵਿਚ ਕੰਬਾਈਨਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ ਅਤੇ ਇਸ ਨਾਲ ਹੀ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਨਮੀ ਦੀ ਮਾਤਰਾ ਵੱਧ ਜਾਣ ਨਾਲ ਬੋਲੀ ਨਾ ਲੱਗਣ ਦਾ ਖ਼ਤਰਾ ਖੜ੍ਹਾ ਹੋ ਜਾਂਦਾ ਹੈ।
ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਮੌਸਮ ਦੀ ਜਾਣਕਾਰੀ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ, ਪਰ ਮੰਡੀਆਂ ਵਿੱਚ ਝੋਨੇ ਅਤੇ ਨਰਮੇ ਨੂੰ ਲੈਕੇ ਆਏ ਕਿਸਾਨਾਂ ਕੋਲ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਦਾ ਕੋਈ ਪ੍ਰਬੰਧ ਨਹੀਂ ਹੈ।
ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਇਸ ਮਾੜੇ ਮੌਸਮ ਦੌਰਾਨ ਹਰ ਤਰ੍ਹਾਂ ਦੇ ਬੰਦੋਬਸਤ ਪੂਰੇ ਹੋਣ ਦੀ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਫ਼ਸਲ ਭਿੱਜਣ ਤੋਂ ਬਚਾਉਣ ਲਈ ਸਖ਼ਤ ਆਦੇਸ਼ ਕੀਤੇ ਗਏ ਹਨ ਅਤੇ ਬਕਾਇਦਾ ਪੇਂਡੂ ਖਰੀਦ ਕੇਂਦਰਾਂ ਸਮੇਤ ਸ਼ਹਿਰੀ ਅਨਾਜ ਮੰਡੀਆਂ ਵਿੱਚ ਤਰਪਾਲਾਂ ਸਮੇਤ ਮੋਟੇ ਕਾਗਜ਼ਾਂ ਨਾਲ ਝੋਨੇ ਨੂੰ ਢਕਿਆ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਕਹਿਣਾ ਹੈ ਕਿ ਹੁਣ ਤੇਜ਼ ਧੁੱਪ ਵਾਲੇ ਮੌਸਮ ਦੀ ਲੋੜ ਸੀ, ਪਰ ਹੁਣ ਵਿਗੜੇ ਮੌਸਮ ਨੇ ਕਿਸਾਨਾਂ ਸਮੇਤ ਸਭ ਨੂੰ ਡਰਾ ਧਰਿਆ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਦੇ ਨਾਲ ਨਾਲ ਖ਼ਰੀਦ ਕੇਂਦਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਨ।