ਪੱਤਰ ਪ੍ਰੇਰਕ
ਮਾਨਸਾ, 19 ਜੁਲਾਈ
ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਕਿਸਾਨ ਨਰਮੇ ਦੀ ਫ਼ਸਲ ਨੂੰ ਵਾਹੁਣ ਲਈ ਮਜਬੂਰ ਹਨ। ਅੱਜ ਮਾਨਸਾ ਬਲਾਕ ਦੇ ਪਿੰਡ ਚੁਕੇਰੀਆਂ ਵਿੱਚ ਬਲਵਿੰਦਰ ਸਿੰਘ ਨੇ 2 ਏਕੜ 2 ਕਨਾਲ ਅਤੇ ਪਿੰਡ ਪੈਰੋਂ ਦੇ ਗੁਰਵਿੰਦਰ ਸਿੰਘ ਨੇ 2 ਏਕੜ 4 ਕਨਾਲ ਨਰਮੇ ਦੀ ਫ਼ਸਲ ਵਾਹੀ। ਕਿਸਾਨਾਂ ਨੇ ਇਤਰਾਜ਼ ਜਿਤਾਇਆ ਕਿ ਉਨ੍ਹਾਂ ਕੋਲ ਕਿਸੇ ਵੀ ਖੇਤੀਬਾੜੀ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ। ਬੀਕੇਯੂ (ਸਿੱਧੂਪੁਰ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਜ਼ਮੀਨ ਠੇਕੇ ਉੱਪਰ ਲਈ ਸੀ ਅਤੇ ਪਾਣੀ ਦਾ ਕੋਈ ਸਾਧਨ ਨਾ ਹੋਣ ਕਾਰਨ ਉਸਨੇ ਨਰਮੇ ਦੀ ਬਿਜਾਈ ਕੀਤੀ ਸੀ, ਪਰ ਹੁਣ ਉਸ ਦਾ ਕਰੀਬ 15-20 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆ ਗਿਆ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਆਵਜ਼ੇ ਲਈ ਛੇਤੀ ਤੋਂ ਛੇਤੀ ਗਿਰਦਾਵਰੀਆਂ ਕਰਵਾਈਆਂ ਜਾਣ। ਖੇਤੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਭਾਰੀ ਮੀਂਹ ਦੀਆਂ ਸੰਭਾਵਨਾਵਾਂ ਹਨ, ਜਿਸ ਨਾਲ ਚਿੱਟੀ ਮੱਖੀ ਦਾ ਖਾਤਮਾ ਹੋ ਜਾਣਾ ਹੈ।