ਪੱਤਰ ਪ੍ਰੇਰਕ
ਨਥਾਣਾ, 2 ਅਗਸਤ
ਬਰਸਾਤਾਂ ਦੇ ਮੌਸਮ ਵਿਚ ਨਾਲੀਆਂ ਦਾ ਗੰਦਾ ਪਾਣੀ ਅਤੇ ਛੱਪੜਾਂ ਦੇ ਪਾਣੀ ਦਾ ਨਿਕਾਸੀ ਮਾਮਲਾ ਇਥੋਂ ਦੀ ਨਗਰ ਪੰਚਾਇਤ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ। ਇੱਕ ਪਾਸੇ ਬਰਸਾਤਾਂ ਦਾ ਮੌਸਮ ਆ ਜਾਣ ਕਰਕੇ ਮੀਂਹ ਦਾ ਪਾਣੀ ਛੱਪੜਾਂ ਵਿੱਚ ਜਮਾਂ ਹੋ ਰਿਹਾ ਹੈ, ਦੂਜੇ ਪਾਸੇ ਨਾਲੀਆਂ ਦਾ ਗੰਦਾ ਪਾਣੀ ਛੱਪੜਾਂ ਵਿੱਚ ਨਾ ਪੈਣ ਕਾਰਨ ਇਹ ਗੰਦਾ ਪਾਣੀ ਗਲੀਆਂ ਅਤੇ ਆਮ ਰਸਤਿਆਂ ਵਿੱਚ ਹੀ ਜਮਾਂ ਹੋਣਾ ਸ਼ੁਰੂ ਹੈ ਜਿਸ ਕਾਰਨ ਬਿਮਾਰੀ ਫੈਲਣ ਦਾ ਡਰ ਹੈ। ਪਿੰਡ ਵਿੱਚ ਅੱਧੀ ਦਰਜਨ ਛੱਪੜ ਨੱਕੋ ਨੱਕ ਭਰੇ ਪਏ ਹਨ। ਬੀਤੇ ਸਮੇ ਦੌਰਾਨ ਇਨ੍ਹਾਂ ਛੱਪੜਾਂ ਕਿਨਾਰੇ ਮੋਟਰਾਂ ਲਾ ਕੇ ਪਾਈਪਾਂ ਰਾਹੀਂ ਪਾਣੀ ਨੂੰ ਢਿਪਾਲੀ ਰਜਬਾਹੇ ਦੀ ਨਥਾਣਾ ਬਰਾਂਚ ਵਿਚ ਸੁੱਟਿਆ ਜਾ ਰਿਹਾ ਸੀ।
ਨਗਰ ਪੰਚਾਇਤ ਦੀ ਇਸ ਕਾਰਵਾਈ ਖਿਲਾਫ਼ ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਛੱਪੜਾਂ ਦਾ ਪਾਣੀ ਰਜਬਾਹੇ ਵਿਚ ਸੁੱਟਣ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਪਿਛਲੇ ਮਹੀਨੇ ਪਾਣੀ ਸੁੱਟਣਾ ਬੰਦ ਕਰ ਦਿੱਤਾ ਪਰ ਹੁਣ ਪਾਣੀ ਲਗਾਤਾਰ ਜਮ੍ਹਾਂ ਹੋ ਰਿਹਾ ਹੈ। ਹੁਣ ਹਾਲਤ ਇਹ ਹੈ ਕਿ ਸਾਰੇ ਪਿੰਡ ਵਿਚ ਪਾਣੀ ਹੀ ਪਾਣੀ ਹੈ ਤੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।