ਪੱਤਰ ਪ੍ਰੇਰਕ
ਮਾਨਸਾ, 13 ਅਕਤੂਬਰ
ਭਾਵੇਂ ਸਰਕਾਰੀ ਤੌਰ ’ਤੇ ਪੰਜਾਬ ਵਿਚ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਪਰ ਮਾਨਸਾ ਜ਼ਿਲ੍ਹੇ ਦੇ ਬਹੁਤੇ ਖਰੀਦ ਕੇਂਦਰਾਂ ਵਿਚ ਅੱਜ ਤੱਕ ਝੋਨੇ ਦਾ ਇੱਕ ਵੀ ਦਾਣਾ ਨਹੀਂ ਵਿਕਿਆ ਹੈ ਅਤੇ ਨਾ ਹੀ ਝੋਨਾ ਆਇਆ ਹੈ, ਜਿਸ ਕਾਰਨ ਮਜ਼ਦੂਰ ਝੋਨੇ ਦੀ ਉਡੀਕ ਕਰਦੇ-ਕਰਦੇ ਸ਼ਾਮ ਨੂੰ ਵਾਪਸ ਘਰਾਂ ਨੂੰ ਚਲੇ ਜਾਂਦੇ ਹਨ। ਜ਼ਿਲ੍ਹੇ ਵਿੱਚ ਅਜੇ ਤੱਕ ਝੋਨਾ ਵੱਢਣ ਲਈ ਕੰਬਾਇਨਾਂ ਵੀ ਨਹੀਂ ਚੱਲੀਆਂ ਅਤੇ ਮਜ਼ਦੂਰ ਵੀ ਝੋਨਾ ਵੱਢਦੇ ਦਿਖਾਈ ਨਹੀਂ ਦੇ ਰਹੇ, ਜਿਸ ਤੋਂ ਜ਼ਾਹਿਰ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਤੱਕ ਮੰਡੀਆਂ ਨੂੰ ਝੋਨੇ ਦਾ ਇੰਤਜ਼ਾਰ ਕਰਨਾ ਪਵੇਗਾ। ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਕਿਹਾ ਕਿ ਇਸ ਵਾਰ ਮੌਸਮ ਮਗਰੋਂ ਸਿੱਲਾ ਰਹਿਣ ਕਾਰਨ ਬਿਮਾਰੀਆਂ ਦਾ ਹਮਲਾ ਘੱਟ ਹੋਇਆ ਹੈ, ਜਿਸ ਕਰਕੇ ਚੰਗਾ ਉਤਪਾਦਨ ਹੋਣ ਦੀ ਉਮੀਦ ਹੈ। ਬਹੁਤੇ ਖਰੀਦ ਕੇਂਦਰਾਂ ਵਿੱਚ ਅੱਜ ਮਜ਼ਦੂਰ ਝੋਨੇ ਦੀ ਉਡੀਕ ਕਰਦੇ ਦੇਖੇ ਗਏ ਅਤੇ ਸ਼ਾਮ ਨੂੰ ਵਿਹਲੇ ਹੀ ਵਾਪਸ ਆਪਣੇ ਘਰਾਂ ਨੂੰ ਪਰਤ ਗਏ।