ਪੱਤਰ ਪ੍ਰੇਰਕ
ਤਪਾ ਮੰਡੀ , 23 ਸਤੰਬਰ
ਪੰਜਾਬ ਸਰਕਾਰ ਵੱਲੋਂ ਇੱਕ ਅਕਤੂਬਰ ਤੋੋਂ ਜੀਰੀ ਦੀ ਖ਼ਰੀਦ ਕਰਨ ਦੇ ਹੁਕਮ ਦਿੱਤੇ ਗਏ ਹਨ। ਮਾਰਕੀਟ ਕਮੇਟੀ ਤਪਾ ਅਧੀਨ ਆਉਂਦੇ ਮੁੱਖ ਯਾਰਡ ਅਤੇ ਖ਼ਰੀਦ ਕੇਂਦਰਾਂ ’ਚ ਸਫ਼ਾਈ, ਬਿਜਲੀ, ਪਾਣੀ ਅਤੇ ਹੋਰ ਮੁਢਲੀਆਂ ਸਹੂਲਤਾਂ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਅੱਜ ਘੁੰਨਸ, ਢਿੱਲਵਾਂ, ਦਰਾਜ, ਤਾਜੋਕੇ ਅਤੇ ਮੌੜਾਂ ਆਦਿ ਪਿੰਡਾਂ ਦੇ ਦੌਰੇ ਦੌਰਾਨ ਪਾਇਆ ਕਿ ਮਾਰਕੀਟ ਕਮੇਟੀ ਤਪਾ ਨੇ ਕੋਈ ਹਿਲ ਜੁਲ ਨਹੀਂ ਕੀਤੀ ਜਦੋਂਕਿ ਝੋਨੇ ਦੀ ਫ਼ਸਲ ਦੀ ਆਮਦ ਸਿਰ ’ਤੇ ਖੜ੍ਹੀ ਹੈ। ਕਈ ਖ਼ਰੀਦ ਕੇਂਦਰਾਂ ’ਚ ਤਾਂ ਪਾਥੀਆਂ ਪੱਥੀਆਂ ਪਈਆਂ ਸਨ, ਥਾਂ-ਥਾਂ ਗੁਹਾਰਿਆਂ, ਗੋਹਾ, ਮਿੱਟੀ, ਤੂੜੀ ਅਤੇ ਸਰ੍ਹੋਂ ਦੇ ਟਾਂਗਰ ਖਿਲਰੇ ਦਿਖਾਈ ਦਿੱਤੇ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵਿੱਤ ਸਕੱਤਰ ਸੁਰਮੁਖ ਸਿੰਘ ਸੇਲਬਰਾਹ ਨੇ ਦੱਸਿਆ ਕਿ ਮੰਡੀਆਂ ਦੀ ਤਰਸਯੋਗ ਹਾਲਤ ਵੇਖ ਕੇ ਕਿਸਾਨ, ਮਜ਼ਦੂਰ ਅਤੇ ਆੜ੍ਹਤੀਏ ਫ਼ਿਕਰਮੰਦ ਹਨ ਉਧਰ ਮਾਰਕੀਟ ਕਮੇਟੀ ਦੇ ਸਕੱਤਰ ਜਸਵੀਰ ਸਿੰਘ ਨੇ ਕਿਹਾ ਕਿ ਸਫਾਈ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਸਤੰਬਰ ਦੇ ਅਖ਼ੀਰ ਤੱਕ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹੇਗੀ। ਪਹਿਲੀ ਅਕਤੂਬਰ ਤੋਂ ਕਿਸਾਨਾਂ ਨੂੰ ਝੋਨਾ ਵੇਚਣ ’ਚ ਕੋਈ ਦਿੱਕਤ ਨਹੀਂ ਆਵੇਗੀ।