ਪੱਤਰ ਪ੍ਰੇਰਕ
ਮਾਨਸਾ, 29 ਅਪਰੈਲ
ਮਾਲਵਾ ਪੱਟੀ ਵਿਚ ਲਗਾਤਾਰ ਕਈ ਦਿਨਾਂ ਤੋਂ ਤਪਣ ਲੱਗੇ ਮੌਸਮ ਕਾਰਨ ਅਗੇਤੀ ਬੀਜੀ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੇ ਸੜਨਾ ਆਰੰਭ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਇਸ ਵਾਰ ਤੂੜੀ ਦੀ ਘਾਟ ਕਾਰਨ ਝੋਨੇ ਵਾਲੇ ਖੇਤਾਂ ਵਿੱਚ ਬੀਜੀ ਮੱਕੀ ਤੋਂ ਵੀ ਲੂ ਨਹੀਂ ਸਹਾਰਿਆ ਜਾ ਰਿਹਾ ਹੈ। ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਵੱਲੋਂ ਲਾਈਆਂ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਨੁਕਸਾਨੀਆਂ ਗਈਆਂ ਹਨ, ਜਦੋਂ ਕਿ ਖਰਬੂਜਾ, ਸ਼ਿਮਲਾ ਮਿਰਚ, ਤੋਰੀਆਂ, ਕੱਦੂ, ਚੱਪਣ ਕੱਦੂ, ਟਿੰਡੋ,ਟਮਾਟਰ, ਕਰੇਲਾ, ਭਿੰਡੀ ਵੀ ਗਰਮੀ ਕਾਰਨ ਪਰਲੋਕ ਸੁਧਾਰਨ ਲੱਗੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇ ਤਾਪਮਾਨ ਇਉਂ ਹੀ ਜਾਰੀ ਰਹੀ ਤਾਂ ਮਾਲਵਾ ਪੱਟੀ ਦੇ ਰੇਤਲੇ ਖੇਤਰ ’ਚੋਂ ਨਰਮੇ ਦੀ ਅਗੇਤੀ ਬੀਜੀ ਫ਼ਸਲ ਸਮੇਤ ਹੋਰ ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ-ਚਾਰੇ ਨੇ ਖੇਤਾਂ ਨੂੰ ਖਾਲੀ ਕਰ ਦੇਣਾ ਹੈ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਮਹਿੰਗਾ ਡੀਜ਼ਲ ਫੂਕ ਕੇ ਸਬਜ਼ੀਆਂ ਪਾਲਣ ਲਈ ਮਜਬੂਰ ਹਨ। ਕਿਸਾਨ ਆਗੂ ਨੇ ਮੰਗ ਕੀਤੀ ਕਿ ਖੇਤੀ ਮੋਟਰਾਂ ਦੀ ਸਪਲਾਈ 10 ਘੰਟੇ ਦਿੱਤੀ ਜਾਵੇ, ਜਿਸ ਤਹਿਤ ਕਿਸਾਨ ਆਪਣੀ ਫ਼ਸਲ ਨੂੰ ਪਾਲ ਸਕਣ।
ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਟੱਲੇਵਾਲ (ਲਖਵੀਰ ਸਿੰਘ ਚੀਮਾ): ਬਿਜਲੀ ਕੱਟਾਂ ਨੇ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਲਿਆ ਦਿੱਤੀ ਹੈ। ਮੱਕੀ, ਮੂੰਗੀ ਅਤੇ ਸ਼ਬਜੀਆਂ ਦੀ ਫ਼ਸਲ ਦੇ ਕਾਸ਼ਤਕਾਰ ਫ਼ਸਲਾਂ ਬਚਾਉਣ ਲਈ ਜਨਰੇਟਰ ਦਾ ਸਹਾਰਾ ਲੈਣ ਲੱਗੇ ਹਨ। ਪਿੰਡ ਚੀਮਾ ਦੇ ਕਿਸਾਨਾਂ ਵੱਲੋਂ ਇਸ ਸਬੰਧੀ ਖੇਤਾਂ ਵਿੱਚ ਹੀ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਚੀਮਾ ਦੇ ਕਿਸਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਬਿਜਲੀ ਸਪਲਾਈ ਬਿਲਕੁਲ ਠੱਪ ਹੈ। ਇਸ ਕਰਕੇ ਮੱਕੀ ਦੀ ਫ਼ਸਲ ਮੱਚ ਰਹੀ ਹੈ। ਅੱਜ ਮਜਬੂਰੀਵੱਸ ਜਨਰੇਟਰ ਚਲਾ ਕੇ ਫ਼ਸਲ ਨੂੰ ਪਾਣੀ ਲਾ ਰਿਹਾ ਹਾਂ। ਇਸ ਮੌਕੇ ਕਿਸਾਨ ਸਿਕੰਦਰ ਸਿੰਘ ਨੇ ਦੱਸਿਆ ਕਿ 2 ਏਕੜ ਵਿੱਚ ਮੱਕੀ ਦੀ ਕਾਸ਼ਤ ਕੀਤੀ ਹੈ, ਪਰ ਬਿਜਲੀ ਨਾ ਮਿਲਣ ਕਾਰਨ ਫ਼ਸਲ ਮੱਚ ਰਹੀ ਹੈ। ਉਥੇ ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਕਿਹਾ ਕਿ ਬਿਜਲੀ ਨਾ ਮਿਲਣ ਕਰਕੇ ਸਬਜ਼ੀਆਂ ਦੀ ਫ਼ਸਲ ਖ਼ਤਮ ਹੋਣ ਕਿਨਾਰੇ ਹੈ। ਭਾਕਿਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਦਿੱਤੀ ਤਾਂ ਬਿਜਲੀ ਅਧਿਕਾਰੀਆਂ ਤੋਂ ਲੈ ਕੇ ਆਪ ਵਿਧਾਇਕਾਂ ਦੇ ਘਿਰਾਓ ਕਰਨ ਲਈ ਮਜਬੂਰ ਹੋਵਾਂਗੇ।