ਪੱਤਰ ਪ੍ਰੇਰਕ
ਮਾਨਸਾ, 14 ਅਗਸਤ
ਪੰਜਾਬ ਭਰ ਵਿੱਚ ਅੱਜ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਕਾਰਨ ਮਾਲਵਾ ਖੇਤਰ ਵਿੱਚ ਲੋਕਾਂ ਨੂੰ ਅੱਡਿਆਂ ’ਤੇ ਪ੍ਰੇਸ਼ਾਨ ਹੋਣਾ ਪਿਆ। ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਤੇ ਮਾਈਆਂ ਨੂੰ ਆਈ, ਜਿਨ੍ਹਾਂ ਲਈ ਪੰਜਾਬ ਸਰਕਾਰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ। ਮਾਲਵਾ ਖੇਤਰ ’ਚ ਜ਼ਿਆਦਾ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਹਨ ਤੇ ਇਸ ਖੇਤਰ ਵਿੱਚ ਮਾਝੇ-ਦੁਆਬੇ ਦੇ ਮੁਕਾਬਲੇ ਪੰਜਾਬ ਰੋਡਵੇਜ਼ ਦੇ ਡੀਪੂ ਘੱਟ ਹਨ।
ਬੇਸ਼ੱਕ ਇਸ ਹੜਤਾਲ ਨਾਲ ਨਜਿੱਠਣ ਲਈ ਪਨਬਸ ਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਗਿਆ, ਪਰ ਜ਼ਿਆਦਾਤਰ ਬੱਸਾਂ ਦੇ ਨਾ ਚੱਲਣ ਕਾਰਨ ਲੋਕਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਉਧਰ, ਅੱਜ ਜਥੇਬੰਦੀ ਨੇ ਐਲਾਨ ਕੀਤਾ ਕਿ ਭਾਵੇਂ ਅੱਜ ਦੀ ਹੜਤਾਲ 14,15 ਤੇ 16 ਅਗਸਤ ਲਈ ਸੀ, ਪਰ 18 ਅਗਸਤ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ਮਗਰੋਂ 15 ਅਗਸਤ ਤੋਂ ਬੱਸਾਂ ਚਲਾਉਣ ਦਾ ਜਥੇਬੰਦੀ ਨੇ ਐਲਾਨ ਕੀਤਾ ਹੈ।
ਉਧਰ ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈਂਦੇ ਰਹੇ। ਪੰਜਾਬ ਦੇ ਮਾਨਸਾ ਸਮੇਤ ਅਨੇਕਾਂ ਸ਼ਹਿਰਾਂ ਦੇ ਬੱਸ ਅੱਡਿਆਂ ’ਚ ਅੱਜ ਪੀਆਰਟੀਸੀ ਦੀਆਂ ਬੱਸਾਂ ਨਹੀਂ ਹਨ, ਸਗੋਂ ਹੜਤਾਲੀਆਂ ਨੇ ਬੱਸਾਂ ਨੂੰ ਡਿਪੂਆਂ ’ਚ ਰੋਕ ਦਿੱਤਾ ਹੈ। ਮਾਨਸਾ ਦੇ ਬੱਸ ਅੱਡੇ ਜਾ ਕੇ ਮਾਈਆਂ ਨੂੰ ਜਦੋਂ ਸਫ਼ਰ ਦੀਆਂ ਤਕਲੀਫ਼ਾਂ ਸਬੰਧੀ ਪੁੱਛਿਆ ਤਾਂ ਮਾਤਾ ਗੁਰਦੇਵ ਕੌਰ ਨੇ ਦੱਸਿਆ ਕਿ ਉਹ ਸਿਰਸਾ ਜਾਣ ਲਈ ਪੌਣੇ ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀ ਹੈ, ਪਰ ਉਸ ਨੂੰ ਕੋਈ ਸਿੱਧੀ ਬੱਸ ਸਿਰਸਾ ਦੀ ਨਹੀਂ ਮਿਲ ਰਹੀ ਹੈ। ਉਧਰ, ਜਥੇਬੰਦੀ ਦੇ ਇਕ ਆਗੂ ਗੁਰਵਿੰਦਰ ਸਿੰਘ ਸਿੱਧੂ, ਰਮਨਦੀਪ ਸਿੰਘ, ਕੁਲਦੀਪ ਸਿੰਘ ਬਾਦਲ, ਗੁਰਦੀਪ ਸਿੰਘ ਝੁਨੀਰ, ਕੁਲਵੰਤ ਸਿੰਘ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ, ਇਸ ਸਬੰਧੀ ਯੂਨੀਅਨ ਵੱਲੋਂ ਮੀਟਿੰਗਾਂ, ਮੁਜ਼ਾਹਰੇ, ਕਰਦੇ ਆ ਰਹੇ ਹਨ, ਪਰ ਉੱਚ ਅਧਿਕਾਰੀਆਂ ਤੇ ਟਰਾਂਸਪੋਰਟ ਮੰਤਰੀ ਵੱਲੋਂ ਭਰੋਸੇ ਦਿੱਤੇ ਗਏ ਤੇ ਜਦੋਂ ਕੋਈ ਹੱਲ ਨਾ ਹੋਇਆ ਤਾਂ ਉਨ੍ਹਾਂ ਹੜਤਾਲ ਆਰੰਭ ਕਰ ਦਿੱਤੀ ਹੈ।