ਪਵਨ ਗੋਇਲ
ਭੁੱਚੋ ਮੰਡੀ, 18 ਜੁਲਾਈ
ਪਿੰਡ ਲਹਿਰਾ ਖਾਨਾ ਦੇ ਵਾਸੀ ਛੱਪੜ ਓਵਰਫਲੋਅ ਹੋ ਕੇ ਘਰਾਂ ਵਿੱਚ ਵੜਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਐੱਸਐੱਸਪੀ, ਏਡੀਸੀ ਵਿਕਾਸ, ਡੀਡੀਪੀਓ ਅਤੇ ਨਥਾਣਾ ਦੇ ਬੀਡੀਪੀਓ ਨੂੰ ਮੰਗ ਪੱਤਰ ਭੇਜ ਕੇ ਉੱਚੀ ਚੁੱਕੀ ਗਈ ਫਿਰਨੀ ਦੀ ਸੜਕ ਨਾਲ ਲਗਦੇ ਤਿੰਨ ਰਾਹਾਂ ’ਤੇ ਨਿਕਾਸੀ ਪਾਈਪਾਂ ਦੱਬੇ ਜਾਣ ਦੀ ਮੰਗ ਕੀਤੀ ਹੈ। ਮੌਸਮ ਵਿਭਾਗ ਵੱਲੋਂ 21 ਅਤੇ 22 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਦਿੱਤੀ ਜਾ ਰਹੀ ਅਗਾਉਂ ਸੂਚਨਾ ਤੋਂ ਡਰੇ ਜ਼ਿਆਦਾਤਰ ਪਰਿਵਾਰਾਂ ਨੇ ਮਿੱਟੀ ਪਾ ਕੇ ਆਪਣੇ ਘਰਾਂ ਨੂੰ ਉੱਚਾ ਚੁੱਕਣਾ ਸ਼ਰੂ ਕਰ ਦਿੱਤਾ ਹੈ। ਸਾਬਕਾ ਪੰਚ ਮਨਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਨੇ ਛੱਪੜ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ, ਦੂਜਾ ਪੰਚਾਇਤ ਵੱਲੋਂ ਫਿਰਨੀ ਚੁੱਕ ਕੇ ਸੜਕ ਬਣਾਉਣ ਸਮੇਂ ਸੜਕ ਹੇਠ ਨਿਕਾਸੀ ਪਾਈਪਾਂ ਨਹੀਂ ਦੱਬੀਆਂ। ਇਸ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ ਹੈ ਅਤੇ ਮੀਂਹ ਦੌਰਾਨ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ, ਜੋ ਕਈ ਦਿਨਾਂ ਤੱਕ ਨਹੀਂ ਨਿਕਲਦਾ। ਸੜਕ ਬਣਨ ਤੋਂ ਪਹਿਲਾਂ ਖੇਤਾਂ ਨੂੰ ਜਾਂਦੇ ਰਾਹਾਂ ਵਿੱਚੋਂ ਦੀ ਪਾਣੀ ਦੀ ਨਿਕਾਸੀ ਹੋ ਜਾਂਦੀ ਸੀ। ਹੁਣ ਸੜਕ ਇੱਕ ਬੰਨ੍ਹ ਦਾ ਕੰਮ ਕਰ ਰਹੀ ਹੈ। ਬੀਤੇ ਦਿਨ ਪਏ ਮੀਂਹ ਦਾ ਪਾਣੀ ਹਾਲੇ ਤੱਕ ਗਲੀਆਂ ਅਤੇ ਘਰਾਂ ਵਿੱਚ ਖੜ੍ਹਾ ਹੈ। ਛੱਪੜ ਤੋਂ ਨਿਕਾਸੀ ਖਾਲੇ ਤੱਕ ਚੱਲ ਰਹੀ ਇੱਕ ਫੁੱਟੀ ਪਾਈਪ ਗਾਰ ਨਾਲ ਭਰੀ ਹੋਣ ਕਾਰਨ ਸਹੀ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੱਪੜ ਵਿੱਚ ਦੋ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣ ਤੇ ਛੱਪੜ ਤੋਂ ਖਾਲੇ ਤੱਕ ਦੋ ਫੁੱਟੀਆਂ ਦੋ ਪਾਈਪਾਂ ਪਾਈਆਂ ਜਾਣ। ਇਸ ਤੋਂ ਇਲਾਵਾ ਦਲਿਤ ਵਿਹੜੇ ਦੀਆਂ ਗਲੀਆਂ ਉੱਚੀਆਂ ਚੁੱਕੀਆਂ ਜਾਣ, ਤਾਂ ਜੋ ਪਾਣੀ ਘਰਾਂ ਵਿੱਚ ਜਾਣ ਤੋਂ ਬਚਾ ਹੋ ਸਕੇ।
ਪਿੰਡ ਮੌੜਾਂ ਦਾ ਛੱਪੜ ਓਵਰਫਲੋਅ ਹੋਣ ਕਾਰਨ ਮੁਸ਼ਕਲਾਂ ਵਧੀਆਂ
ਸ਼ਹਿਣਾ (ਪ੍ਰਮੋਦ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਮੌੜਾਂ ਵਿੱਚ ਨਾਲੀਆਂ ਅਤੇ ਛੱਪੜ ਦਾ ਪਾਣੀ ਓਵਰਫਲੋਅ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ। ਪਿੰਡ ਦੇ ਲੋਕਾਂ ਨੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਾਅਰੇਬਾਜੀ ਕੀਤੀ ਹੈ। ਬਲਾਕ ਸਮਿਤੀ ਮੈਂਬਰ ਗਿਆਨ ਚੰਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸ ਲਈ ਉੱਚਿਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਮੱਛਰ ਮੱਖੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ।