ਪੱਤਰ ਪ੍ਰੇਰਕ
ਮਾਨਸਾ, 15 ਸਤੰਬਰ
ਨਗਰ ਕੌਸਲ ਮਾਨਸਾ ਦੇ ਸਫ਼ਾਈ ਕਾਮਿਆਂ ਸਮੇਤ ਹੋਰ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਜਿਸ ਕਾਰਨ ਅੱਕੇ ਹੋਏ ਕਾਮਿਆਂ ਨੇ ਅੱਜ ਪ੍ਰਸ਼ਾਸਨ ਵਿਰੁੱਧ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਲੋਕਾਂ ਨੂੰ ਆਪਣੀਆਂ ਤਕਲੀਫ਼ਾਂ ਤੋਂ ਜਾਣੂ ਕਰਵਾਇਆ। ਮੁਜ਼ਾਹਰੇ ਤੋਂ ਬਾਅਦ ਜਥੇਬੰਦੀ ਵੱਲੋਂ ਨਗਰ ਕੌਸਲ ਦਫ਼ਤਰ ਸਾਹਮਣੇ ਅੱਜ ਚੌਥੇ ਦਿਨ ਧਰਨਾ ਲਾਇਆ ਗਿਆ ਜਿਸ ਦੌਰਾਨ ਕਾਮਿਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ-ਮਸਲਿਆਂ ਦੇ ਹੱਲ ਤੱਕ ਉਹ ਲਗਾਤਾਰ ਪ੍ਰਸ਼ਾਸਨ ਦਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ ਜਦੋਂ ਕਿ ਉਚ ਅਧਿਕਾਰੀਆਂ ਨੂੰ ਬਕਾਇਦਾ ਸਹੀ ਸਮੇਂ ’ਤੇ ਤਨਖਾਹਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਮਸਲਿਆਂ ਲਈ ਵਾਰ-ਵਾਰ ਉਚ ਅਧਿਕਾਰੀਆਂ ਕੋਲ ਅਪੀਲਾਂ-ਦਲੀਲਾਂ ਲੈਕੇ ਜਾਂਦੇ ਰਹੇ ਹਨ ਪਰ ਨਗਰ ਕੌਸਲ ਦੇ ਪ੍ਰਧਾਨ ਸਮੇਤ ਕਾਰਜ ਸਾਧਕ ਅਫ਼ਸਰ ਵੱਲੋਂ ਉਨ੍ਹਾਂ ਦੀ ਕਥਿਤ ਤੌਰ ’ਤੇ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ ਹੈ।
ਇਸ ਮੌਕੇ ਪਵਨ ਕੁਮਾਰ ਟਾਂਕ, ਸਤਵੀਰ,ਵਿਜੈ ਕੁਮਾਰ, ਸੁਖਦੇਵ ਸਿੰਘ, ਦਰਸ਼ਨ ਕੁਮਾਰ, ਸੰਨੀ ਕੁਮਾਰ, ਰਾਜ ਕੁਮਾਰ ਤੇ ਕਾਕਾ ਰਾਮ ਨੇ ਵੀ ਸੰਬੋਧਨ ਕੀਤਾ।
ਹੱਡਾ ਰੋੜੀ ਵਿਵਾਦ: ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਲੰਬੀ (ਇਕਬਾਲ ਸਿੰਘ ਸ਼ਾਂਤ): ਪਿੰਡ ਲਾਲਬਾਈ ਵਿੱਚ ਹੱਡਾ ਰੋੜੀ ਵਿਵਾਦ ਦੌਰਾਨ ਬੀਤੇ ਦਿਨ ਦਫ਼ਨਾਏ ਮ੍ਰਿਤਕ ਪਸ਼ੂ ਨੂੰ ਬਾਹਰ ਕੱਢ ਕੇ ਸੜਕ ’ਤੇ ਰੱਖਣ ਅਤੇ ਸ਼ਾਮ ਨੂੰ ਇੱਕ ਹੋਰ ਮ੍ਰਿਤਕ ਪਸ਼ੂ ਨੂੰ ਦਫ਼ਨਾਉਣ ਲੈ ਕੇ ਦੋਵੇਂ ਧਿਰਾਂ ਵਿੱਚ ਤਕਰਾਰ ਨੇ ਪ੍ਰਸ਼ਾਸਨ ਨੂੰ ਵਖ਼ਤ ਪਾਈ ਰੱਖਿਆ। ਇਸ ਦੌਰਾਨ ਪੁਲੀਸ ਅਮਲਾ ਤਾਇਨਾਤ ਰਿਹਾ। ਪ੍ਰਸ਼ਾਸਨ ਨੇ ਸ਼ਾਮ ਤੱਕ ਪਹਿਲੇ ਲੰਬੀ-ਗਿੱਦੜਬਾਹਾ ਸੜਕ ’ਤੇ ਲੱਗੇ ਧਰਨੇ ਦਾ ਮਸਲਾ ਹੱਡਾ ਰੋੜੀ ਹਾਲ ਦੀ ਘੜੀ ਬਰਕਰਾਰ ਰੱਖਣ ਦਾ ਭਰੋਸਾ ਦੇ ਕੇ ਨਬਿੇੜਿਆ ਸੀ। ਉਸ ਦੇ ਕੁੱਝ ਸਮੇਂ ਬਾਅਦ ਹੀ ਇੱਕ ਹੋਰ ਮ੍ਰਿਤਕ ਪਸ਼ੂ ਨੂੰ ਦਫ਼ਨਾਉਣ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਅੱਜ ਹੱਡਾ ਰੋੜੀ ਵਿਰੋਧੀ ਧੜੇ ਦੀਆਂ ਔਰਤਾਂ ਨੇ ਹੱਡਾ ਰੋੜੀ ਦੇ ਰਾਹ ਵਿੱਚ ਧਰਨਾ ਲਗਾ ਕੇ ਮ੍ਰਿਤਕ ਪਸ਼ੂ ਨੂੰ ਲਿਜਾ ਰਹੇ ਲੋਕਾਂ ਨੂੰ ਅਗਾਂਹ ਜਾਣ ਤੋਂ ਰੋਕ ਦਿੱਤਾ। ਇਸ ’ਤੇ ਹੱਡਾ ਰੋੜੀ ਸਮਰਥਕਾਂ ਨੇ ਮ੍ਰਿਤਕ ਪਸ਼ੂ ਮੁੱਖ ਸੜਕ ’ਤੇ ਰੱਖ ਮੁੜ ਤੋਂ ਧਰਨਾ ਆਰੰਭ ਕਰ ਦਿੱਤਾ। ਸਰਪੰਚ ਮੇਵਾ ਸਿੰਘ ਨੇ ਕਿਹਾ ਕਿ ਪੰਚਾਇਤ ਵੀ ਹੱਡਾ ਰੋੜੀ ਦੀ ਜਗ੍ਹਾ ਤਬਦੀਲੀ ਦੀ ਦਸਤਾਵੇਜ਼ੀ ਪ੍ਰਕਿਰਿਆ ਨੂੰ ਮਨਜ਼ੂਰੀ ਮਿਲਣ ਤੱਕ ਹੱਡਾ ਰੋੜੀ ਜਾਰੀ ਰੱਖਣ ’ਤੇ ਸਹਿਮਤ ਹੋ ਗਈ ਸੀ। ਫੈਸਲਾ ਹੋਇਆ ਸੀ ਕਿ 5-6 ਵਿਅਕਤੀ ਮ੍ਰਿਤਕ ਪਸ਼ੂ ਨੂੰ ਦਫ਼ਨਾਇਆ ਕਰਨਗੇ ਜਦਕਿ ਹੁਣ ਦੂਜੇ ਧੜੇ ਦੇ ਲੋਕ ਮਾਹੌਲ ਖ਼ਰਾਬ ਕਰਨ ਲਈ ਮ੍ਰਿਤਕ ਪਸ਼ੂ ਨੂੰ ਦਫ਼ਨਾਉਣ ਲਈ ਦਰਜਨਾਂ ਦੀ ਗਿਣਤੀ ’ਚ ਪੁੱਜ ਗਏ। ਇਸ ਦਬਾਅ ਦੀ ਨੀਤੀ ਖਿਲਾਫ਼ ਔਰਤਾਂ ਨੇ ਸੜਕ ’ਤੇ ਧਰਨਾ ਲਗਾ ਦਿੱਤਾ। ਬੀਡੀਪੀਓ ਰਾਕੇਸ਼ ਬਿਸ਼ਨੋਈ ਦਾ ਕਹਿਣਾ ਸੀ ਕਿ ਨਵੇਂ ਪ੍ਰਬੰਧਾਂ ਤਹਿਤ ਹੱਡਾ ਰੋੜੀ ਮੌਜੂਦਾ ਜਗ੍ਹਾ ’ਤੇ ਬਰਕਰਾਰ ਰਹੇਗੀ। ਹੁਣ ਦੋਵੇਂ ਧਿਰਾਂ ਨੂੰ ਸਮਝਾ ਕੇ ਮਾਹੌਲ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਪਸ਼ੂ ਮੁੱਖ ਸੜਕ ’ਤੇ ਪਿਆ ਸੀ ਤੇ ਧਰਨੇ ਜਾਰੀ ਸਨ।