ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਜੁਲਾਈ
ਪਿੰਡ ਲਹਿਰਾ ਖਾਨਾ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਬਦਤਰ ਬਣ ਗਈ। ਪਿਛਲੇ ਕਰੀਬ ਅੱਠ ਦਿਨਾਂ ਤੋਂ ਲਗਪਗ 70 ਦਲਿਤ ਪਰਿਵਾਰਾਂ ਅਤੇ ਦੋ ਦਰਜਨ ਜ਼ਿਮੀਦਾਰਾਂ ਦੇ ਘਰ ਗੰਦੇ ਪਾਣੀ ਵਿੱਚ ਡੁੱਬੇ ਹੋਏ ਹਨ। ਹਾਲੇ ਪਹਿਲਾਂ ਵਾਲਾ ਪਾਣੀ ਘਰਾਂ ਵਿੱਚੋਂ ਨਹੀਂ ਸੀ ਨਿਕਲਿਆ ਕਿ ਸ਼ਾਮ ਅਤੇ ਅੱਜ ਸੁਵੱਖਤੇ ਹੋਈ ਭਾਰੀ ਬਾਰਸ਼ ਨੇ ਲੋਕਾਂ ਦੀ ਜਾਨ ਕੁੜਿੱਕੀ ਵਿੱਚ ਪਾ ਦਿੱਤੀ। ਗਲੀਆਂ ਵਿੱਚ ਢਾਈ ਫੁੱਟ ਪਾਣੀ ਭਰ ਗਿਆ। ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਕੁੱਝ ਦਿਨ ਪਹਿਲਾਂ ਪਿੰਡ ਦੀ ਸਥਿਤੀ ਨੂੰ ਸੰਭਾਲਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਸਨ। ਪੰਚ ਜੋਗਿੰਦਰ ਸਿੰਘ ਅਤੇ ਸਾਬਕਾ ਪੰਚ ਮਨਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਨਥਾਣਾ ਦੇ ਨਾਇਬ ਤਹਿਸੀਲਦਾਰ ਰਣਬੀਰ ਸਿੰਘ ਬਾਅਦ ਦੁਪਹਿਰ ਪਿੰਡ ਲਹਿਰਾਖਾਨਾ ਵਿੱਚ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦਲਿਤਾਂ ਦੇ ਘਰਾਂ ਦਾ ਪਾਣੀ ਕੱਢਣ ਨੂੰ ਤਰਜੀਹ ਦਿੰਦਿਆਂ ਛੱਪੜ ਵੱਲੋਂ ਆਉਂਦੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਵਾ ਦਿੱਤਾ। ਇਸ ਫੈਸਲੇ ਦਾ ਜ਼ਿਮੀਦਾਰਾਂ ਨੇ ਇਤਰਾਜ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦੀ ਮਾਤਰਾ ਹੋਰ ਵਧ ਜਾਵੇਗੀ। ਐਸਐਚਓ ਰਜਿੰਦਰ ਕੁਮਾਰ ਨੇ ਸਖ਼ਤੀ ਵਰਤਦਿਆਂ ਲੋਕਾਂ ਦੀ ਮੰਗ ਅਨੁਸਾਰ ਖੇਤਾ ਵੱਲ ਜਾਂਦੇ ਰਾਹਾਂ ਵਿੱਚੋਂ ਨਿਕਾਸੀ ਕਰਵਾ ਦਿੱਤੀ ਅਤੇ ਪੀੜਤ ਪਰਿਵਾਰਾਂ ਨੂੰ ਕਿਹਾ ਕਿ ਉਹ ਆਪਣੇ ਘਰ ਦਾ ਪਾਣੀ ਜਿਸ ਪਾਸੇ ਦੀ ਲੰਘ ਸਕਦਾ ਹੈ, ਲੰਘਾ ਲੈਣ।
ਸ਼ਹਿਣਾ (ਪੱਤਰ ਪ੍ਰੇਰਕ): ਇੱਥੇ ਸਵੇਰੇ ਸ਼ਹਿਣਾ ਇਲਾਕੇ ਮੀਂਹ ਪਿਆ। ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਬਾਰਸ਼ ਕਾਰਨ ਚੂੰਘਾਂ ਰੋਡ, ਸਟੇਡੀਅਮ ਅੱਗੇ ਅਤੇ ਉਪ ਸਿਹਤ ਕੇਂਦਰ ਸ਼ਹਿਣਾ ਵਿੱਚ ਪਾਣੀ ਖੜ੍ਹ ਗਿਆ। ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ ਉਠੇ ਉੱਥੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ।
ਘਰਾਂ ਵਿਚ ਪਾਣੀ ਵੜਨ ’ਤੇ ਲੋਕਾਂ ਵੱਲੋਂ ਮੁਜ਼ਾਹਰਾ
ਬੋਹਾ (ਪੱਤਰ ਪ੍ਰੇਰਕ): ਬੀਤੀ ਰਾਤ ਹੋਈ ਬਰਸਾਤ ਕਾਰਨ ਬੋਹਾ ਕਸਬੇ ਦੇ ਪ੍ਰਵੇਸ਼ ਦੁਆਰ ਸ਼ਹੀਦ ਅਮਰੀਕ ਸਿਘ ਯਾਦਗਾਰੀ ਗੇਟ ਵਾਲੀ ਮੁੱਖ ਸੜਕ ਸਮੇਤ ਕਸਬੇ ਦੀਆ ਬਹੁਤ ਸਾਰੀਆਂ ਗਲੀਆ ਪਾਣੀ ਵਿਚ ਡੁੱਬ ਗਈਆਂ । ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਜਾਣ ਕਾਰਨ ਲੋਕਾਂ ਨੇ ਸਥਾਨਕ ਪ੍ਰਸਾਸ਼ਨ ਖਿਲਾਫ ਪਾਣੀ ਵਿੱਚ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਵਪਾਰ ਮੰਡਲ ਦੇ ਆਗੂ ਸੁਰਿੰਦਰ ਮੰਗਲਾ, ਤਰਸੇਮ ਚੰਦ ਸੈਕਟਰੀ ਸੁਰਿੰਦਰ ਸੇਰਖਾਂ , ਡਾਂ: ਸੰਜੋਗ ਕੁਪਾਰ ਪੱਪੀ ,ਮਨੋਜ ਕੁਮਾਰ ਢੋਲਾ ਨੇ ਕਿਹਾ ਕਿ ਕਸਬੇ ਵਿਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਏ ਨੂੰ ਛੇ ਸਾਲ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਸੀਵਰੇਜ ਪਾਉਣ ਦੀ ਰਫਤਾਰ ਏਨੀ ਢਿੱਲੀ ਹੈ ਕਿ ਅਜੇ ਵੀ ਸ਼ਹਿਰ ਦੀਆ 40 ਫੀਸਦੀ ਕੰਮ ਅਧੂਰਾ ਪਿਆ ਹੈ। ਇਸ ਮੌਕੇ ਲੋਕ ਨਗਰ ਪੰਚਾਇਤ ਦੇ ਅਧਿਕਾਰੀਆ ਨੂੰ ਮਿਲੇ। ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੋਟਰ ਪੰਪ ਲਾ ਕੇ ਪਾਣੀ ਸੇਮ ਨਾਲੇ ਵਿਚ ਪਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤੇ ਇਹ ਸਮੱਸਿਆ ਦਾ ਆਰਜ਼ੀ ਹੱਲ ਅੱਜ ਹੀ ਕਰ ਦਿੱਤਾ ਜਾਵੇਦਾ। ਈਓ ਵੱਲੋਂ ਵਿਸਵਾਸ਼ ਦਿਵਾਏ ਜਾਣ ਤੋਂ ਬਾਦ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ।