ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੁਲਾਈ
ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਵੱਲੋਂ ਬੀਜੀ ਗਈ ਮੂੰਗੀ ਦੀ ਫ਼ਸਲ ਨੂੰ ਅੱਜ ਭੈਣੀਬਾਘਾ ਵਿਖੇ ਉਸ ਵੇਲੇ ਆਧੁਨਿਕ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਵਾਹਿਆ ਗਿਆ, ਜਦੋਂ ਸਾਉਣੀ ਦੀ ਇਸ ਫ਼ਸਲ ਨੂੰ ਕੋਈ ਵੀ ਫ਼ਲੀ ਨਾ ਲੱਗੀ। ਬੇਸ਼ੱਕ ਕਿਸਾਨਾਂ ਵੱਲੋਂ ਇਸ ਫ਼ਸਲ ਨੂੰ ਫ਼ਲ ਚੁਕਵਾਉਣ ਲਈ ਅਨੇਕਾਂ ਰੇਹਾਂ-ਸਪਰੇਆਂ ਦਾ ਸਹਾਰਾ ਲਿਆ ਗਿਆ, ਪਰ ਜਦੋਂ ਬਿਲਕੁਲ ਫ਼ਲੀਆਂ ਨਾ ਲੱਗੀਆਂ ਤਾਂ ਅੱਕੇ ਹੋਏ ਕਿਸਾਨਾਂ ਨੇ ਅੱਜ ਟਰੈਕਟਰ ਚਲਾਕੇ ਦਾਲਾਂ ਦੀ ਇਸ ਮੁੱਖ ਫ਼ਸਲ ਨੂੰ ਖੇਤਾਂ ਵਿੱਚ ਵਾਹ ਦਿੱਤਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਫ਼ਸਲ ਨੂੰ ਪੰਜਾਬ ਸਰਕਾਰ ਦੇ ਖੇਤੀ ਵਿਭਿੰਨਤਾ ਤਹਿਤ ਦਿੱਤੇ ਸੱਦੇ ਅਨੁਸਾਰ ਖੇਤਾਂ ਵਿੱਚ ਲਾਇਆ ਸੀ ਅਤੇ ਉਹ ਇਸ ਤੋਂ ਦੂਹਰਾ ਮੁਨਾਫ਼ਾ ਲੈਣਾ ਚਾਹੁੰਦੇ ਸਨ, ਪਰ ਇਨ੍ਹਾਂ ਸਰਕਾਰੀ ਸੁਪਨਿਆਂ ’ਤੇ ਉਨ੍ਹਾਂ ਦਾ ਮਨ ਉਸ ਵੇਲੇ ਫਿੱਕਾ ਪਾ ਦਿੱਤਾ, ਜਦੋਂ ਕਿ ਸਮੇਂ ਸਿਰ ਬੀਜੀ ਮੂੰਗੀ ਬਿਲਕੁਲ ਵੀ ਕੋਈ ਫ਼ਲੀ ਨਾ ਲੱਗੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਸਤੇ ਭਾਅ ਦਾ ਮੂੰਗੀ ਦਾ ਬੀਜ ਨਹੀਂ ਦਿੱਤਾ ਅਤੇ ਹੁਣ ਜਦੋਂ ਪ੍ਰਾਈਵੇਟ ਦੁਕਾਨਾਂ ਤੋਂ ਲਏ ਹੋਏ ਬੀਜ ਨੂੰ ਕੋਈ ਫ਼ਲੀ ਨਾ ਲੱਗੀ ਤਾਂ ਉਨ੍ਹਾਂ ਦਾ ਕੋਈ ਸਾਥ ਨਾ ਦਿੱਤਾ।ਖੇਤੀ ਮਾਹਿਰਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਪਤਾ ਲੱਗਿਆ ਹੈ ਕਿ ਗਰਮੀ ਰੁੱਤ ਦੀ ਮੂੰਗੀ ਨੂੰ ਫ਼ਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਅਤੇ ਇੱਕਸਾਰ ਪੱਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਹਰ ਫ਼ਲੀ ਵਿੱਚ 10-11 ਦਾਣੇ ਹੁੰਦੇ ਹਨ ਅਤੇ ਇਹ ਮੂੰਗੀ ਲਗਪਗ 60 ਦਿਨਾਂ ਵਿੱਚ ਪੱਕ ਜਾਂਦੀ ਹੈ।ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦਾਅਵਾ ਕੀਤਾ ਕਿ ਕਦੇ ਕੁਦਰਤੀ ਕਰੋਪੀਆਂ ਤੇ ਕਦੇ ਮੀਂਹ ਝੱਖੜਾਂ ਨੇ ਕਿਸਾਨ ਬਰਬਾਦ ਕਰ ਦਿੱਤਾ ਹੈ। ਇਸ ਵਾਰ ਵੀ ਕਿਸਾਨਾਂ ਨੇ ਖੇਤੀਬਾੜੀ ਮਹਿਕਮੇ ਕਹਿਣ ਤੇ ਮੂੰਗੀ ਦੀ ਫ਼ਸਲ ਕਾਫੀ ਮਹਿੰਗੇ ਭਾਅ ਦਾ ਬੀਜ ਪਾ ਕੇ ਕਾਫ਼ੀ ਕਿਸਾਨਾਂ ਨੇ ਬੀਜੀ, ਪਰ ਫ਼ਲ ਨਾ ਲੱਗਣ ਕਾਰਨ ਕਿਸਾਨਾਂ ਨੇ ਬੀਜੀ ਫ਼ਸਲ ਵਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਪੰਜ ਏਕੜ ਤੇ ਜਸਪਾਲ ਸਿੰਘ ਨੇ 12 ਏਕੜ ਫ਼ਸਲ ਵਾਹ ਦਿੱਤੀ ਗਈ ਹੈ। ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਫ਼ਸਲ ਦੀ ਭਰਪਾਈ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।