ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਅਪਰੈਲ
ਬਾਘਾਪੁਰਾਣਾ ਤਹਿਸੀਲ ’ਚ ਜਮੀਨਾਂ ਦੀਆਂ ਰਜਿਸਟਰੀਆਂ ਨਾ ਹੋਣ ਕਾਰਨ ਲੋਕਾਂ ਵੱਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਉਹ ਰਜਿਸਟਰੀਆਂ ਲਈ ਪੂਰਾ ਦਿਨ ਖੱਜਲ ਖੁਆਰ ਹੋ ਰਹੇ ਹਨ, ਉਹ ਅਗਾਂਓ ਸਮਾਂ (ਇੰਪੁਆਂਟਮਿੰਟ) ਲੈ ਕੇ ਰਜਿਸਟਰੀ ਕਰਵਾਉਣ ਤਹਿਸੀਲ ਕੰਪਲੈਕਸ ਵਿੱਚ ਸਮੇਂ ਸਿਰ ਪਹੁੰਚ ਤਾਂ ਜਾਂਦੇ ਹਨ ਪਰ ਸ਼ਾਮ ਤੱਕ ਰਜਿਸਟਰੀ ਨਹੀਂ ਹੁੰਦੀ। ਉਨ੍ਹਾਂ ਸਿਫਾਰਿਸ਼ੀ ਲੋਕਾਂ ਜਾਂ ਤਹਿਸੀਲ ਅੰਦਰ ਬੈਠੇ ਅਧਿਕਾਰੀਆਂ ਨਾਲ ਅੰਦਰ ਖਾਤੇ ਗੰਢਤੁੱਪ ਕਰਨ ਵਾਲਿਆਂ ਦੇ ਕੰਮ ਪਹਿਲ ਦੇ ਅਧਾਰ ਉੱਤੇ ਕਰਨ ਦੇ ਦੋਸ਼ ਵੀ ਲਗਾਏ। ਉਧਰ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਪੱਖਪਾਤ ਦੇ ਦੋਸ਼ ਨਕਾਰਦੇ ਕਿਹਾ ਕਿ ਉਹ ਮੋਗਾ ਵਿੱਚ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਸੀ, ਜਿਸ ਕਰ ਕੇ ਰਜਿਸਟਰੀਆਂ ਦਾ ਕੰਮ 3 ਵਜੇ ਸ਼ੁਰੂ ਕੀਤਾ ਗਿਆ ਹੈ। ਉਧਰ ਜ਼ਮੀਨਾਂ ਦੇ ਇੰਤਕਾਲ ਕਰਨ ਵਿੱਚ ਲਾਪ੍ਰਵਾਹੀ ਲਈ ਨਾਇਬ ਤਹਿਸੀਲਦਾਰ ਮੋਗਾ ਵੱਲੋਂ ਮੋਗਾ ਸ਼ਹਿਰੀ ਪਟਵਾਰੀ ਨਿਰਵੈਰ ਸਿੰਘ ਕੋਲੋਂ ਜਵਾਬ ਤਲਬ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰ ਕੋਲ ਪਟਵਾਰੀ ਵੱਲੋਂ 22 ਮਾਰਚ 2022 ਨੂੰ 59 ਇੰਤਕਾਲ ਪੇਸ਼ ਕੀਤੇ ਗਏ ਸਨ ਜਿਸ ਉੱਤੇ ਹਲਕਾ ਕਾਨੂੰਗੋ ਵੱਲੋਂ 26 ਨਵੰਬਰ 2021 ਦੇ ਦਸ਼ਤਖਤ ਕੀਤੇ ਹੋਏ ਸਨ। ਉਨ੍ਹਾਂ ਪਟਵਾਰੀ ਕੋਲੋਂ ਜਵਾਬ ਤਲਬ ਕੀਤਾ ਹੈ ਕਿ ਇਹ ਇੰਤਕਾਲ ਮੰਨਜ਼ੂਰੀ ਲਈ 4 ਮਹੀਨੇ ਬਾਅਦ ਕਿਉਂ ਪੇਸ਼ ਕੀਤੇ ਹਨ।