ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 5 ਮਾਰਚ
ਤਲਵੰਡੀ ਸਾਬੋ ਰਜਵਾਹੇ ਵਿੱਚ ਬੀਤੀ ਰਾਤ ਪਾੜ ਪੈਣ ਕਾਰਨ ਸਵਾ ਸੌ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਜਿਸ ਨਾਲ ਫ਼ਸਲਾਂ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਇਸੇ ਦੌਰਾਨ ਖੇਤਾਂ ਵਿੱਚ ਲੱਗੇ ਟਿਊਬਵੈੱਲ ਮੋਟਰਾਂ ਵਾਲੇ ਖੂਹ ਪਾਣੀ ਵਿੱਚ ਡੁੱਬ ਗਏ ਹਨ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਰਜਵਾਹੇ ਦੀ ਬੁਰਜੀ ਨੰਬਰ 19566 ਵਿੱਚ ਆਗੜੀ ਵਾਲਾ ਮੋਘੇ ਕੋਲ ਬੀਤੀ ਰਾਤ ਪਾੜ ਪੈ ਗਿਆ, ਜੋ ਸਵੇਰ ਤੱਕ 60 ਫੁੱਟ ਦੇ ਕਰੀਬ ਪਹੁੰਚ ਗਿਆ। ਪਾੜ ਦਾ ਉਸ ਸਮੇਂ ਪਤਾ ਲੱਗਾ ਜਦ ਤਲਵੰਡੀ ਸਾਬੋ ਦਾ ਕਿਸਾਨ ਸੁਰਿੰਦਰ ਸਿੰਘ ਸਵੇਰੇ ਖੇਤ ਗੇੜਾ ਮਾਰਨ ਗਿਆ ਜਿਸ ਨੇ ਤਲਵੰਡੀ ਸਾਬੋ ਤੇ ਲੇਲੇਵਾਲਾ ਦੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਪਰੰਤ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਅਧਿਕਾਰੀਆਂ ਨੇ ਜਿੱਥੇ ਜੋਧਪੁਰ ਹੈੱਡ ਤੋਂ ਰਜਵਾਹੇ ਦਾ ਪਾਣੀ ਘਟਾਇਆ, ਉੱਥੇ ਹੀ ਵਿਭਾਗ ਦੇ ਐੱਸਡੀਓ ਫਿਜ਼ੀ ਬਾਂਸਲ, ਜੇਈ ਸਵਰਨ ਸਿੰਘ ਤੇ ਹੋਰ ਅਮਲਾ ਫੌਰੀ ਪਾੜ ਵਾਲੀ ਥਾਂ ’ਤੇ ਪਹੁੰਚਿਆ।
ਕਿਸਾਨ ਸੰਦੀਪ ਸਿੰਘ, ਸੁਖਪਾਲ ਸਿੰਘ, ਗੁਰਤੇਜ ਸਿੰਘ, ਬੇਅੰਤ ਸਿੰਘ, ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਕਤ ਜਗ੍ਹਾ ਤੋਂ ਛੇ ਕੁ ਮਹੀਨੇ ਪਹਿਲਾਂ ਵੀ ਰਜਵਾਹਾ ਟੁੱਟ ਗਿਆ ਸੀ। ਉਸ ਸਮੇਂ ਇਹ ਨੱਕਾ ਆਰਜ਼ੀ ਤੌਰ ’ਤੇ ਤਾਂ ਬੰਦ ਕਰ ਦਿੱਤਾ ਸੀ, ਪਰ ਮਹਿਕਮੇ ਨੇ ਅਜੇ ਤੱਕ ਇਸ ਨੂੰ ਪੱਕਾ ਨਹੀਂ ਕੀਤਾ ਸੀ। ਬਹੁਤ ਸਾਰੇ ਕਿਸਾਨਾਂ ਨੇ 60-62 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ਉਪਰ ਲੈ ਕੇ ਕਣਕ ਬੀਜੀ ਸੀ। ਐੱਸਡੀਓ ਫਿਜ਼ੀ ਬਾਂਸਲ ਨੇ ਕਿਹਾ ਕਿ ਪਾੜ ਦਰੱਖਤ ਕਾਰਨ ਪਿਆ ਹੈ। ਉਨ੍ਹਾਂ ਕਿਹਾ ਕਿ ਰਜਵਾਹੇ ਦੇ ਕੱਚੇ ਨੱਕਿਆਂ ਨੂੰ ਪੱਕੇ ਕਰਨ ਲਈ ਕਾਗਜ਼ੀ ਕਾਰਵਾਈ ਵਿਭਾਗ ਨੂੰ ਭੇਜੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪਾੜ ਪੂਰਿਆ ਨਹੀਂ ਜਾ ਸਕਿਆ ਸੀ।