ਖੇਤਰੀ ਪ੍ਰਤੀਨਿਧ
ਬਰਨਾਲਾ, 3 ਜੂਨ
ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਜ਼ਾਹਰ ਕੀਤਾ ਗਿਆ। ਮੀਟਿੰਗ ਸਬੰਧੀ ਜ਼ਿਲ੍ਹਾ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਲੰਘੇ ਦਿਨੀਂ ਜਥੇਬੰਦੀ ਦੀਆਂ ਹੱਕੀ ਮੰਗਾਂ ਲਈ ਸੂਬਾਈ ਪ੍ਰਦਰਸ਼ਨ ਦੌਰਾਨ ਸਿੱਖਿਆ ਮੰਤਰੀ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਵੱਲ ਜਾਂਦੇ ਸਮੇਂ ਪੁਲੀਸ ਵੱਲੋਂ ਮਹਿਲਾ ਅਧਿਆਪਕਾਵਾਂ ਦੇ ਵਾਲ ਪੁੱਟੇ ਗਏ ਤੇ ਅਧਿਆਪਕਾਂ ਨਾਲ ਖਿੱਚ ਧੂਹ ਕੀਤੀ ਗਈ। ਆਗੂਆਂ ਨੇ ਇਨ੍ਹਾਂ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਮੰਗੀ ਹੈ। ਸੁਬਾ ਕਮੇਟੀ ਮੈਂਬਰ ਗੁਰਮੇਲ ਭੁਟਾਲ ਅਤੇ ਸੁਖਦੀਪ ਤਪਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ 9 ਜੂਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਵਿੱਚ ਅਧਿਆਪਕ ਆਗੂ ਹਰਿੰਦਰ ਸਿੰਘ ਅਤੇ ਨਵਲਦੀਪ ਸ਼ਰਮਾ ਨੂੰ ਰੈਗੂਲਰ ਆਰਡਰ ਨਾ ਦਿੱਤੇ, ਪੁਲੀਸ ਪਰਚੇ ਰੱਦ ਨਾ ਕੀਤੇ ਤਾਂ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੇ ਨਾਲ-ਨਾਲ ਸੰਗਰੂਰ ਹਲਕੇ ਨੂੰ ਸੰਘਰਸ਼ ਦਾ ਅਖਾੜਾ ਵੀ ਬਣਾਇਆ ਜਾਵੇਗਾ।