ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੂਨ
ਡੈਮੋਕਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਮਾਨਸਾ ਦੇ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀਆਂ ਆਪਹੁਦਰੀਆਂ ਦਾ ਵਿਰੋਧ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਬਿਨਾਂ ਕਿਸੇ ਅਧਿਕਾਰਤ ਪੱਤਰ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਸੋਮਵਾਰ ਤੋਂ ਸਾਰੇ ਸਕੂਲ ਖੋਲ੍ਹਣ ਦੇ ਜ਼ੁਬਾਨੀ ਹੁਕਮ ਜਾਰੀ ਕੀਤੇ ਗਏ ਹਨ ਅਤੇ ਸਾਰੇ ਅਧਿਆਪਕਾਂ ਨੂੰ ਹਾਜ਼ਰ ਹੋਣ ਲਈ ਕਿਹਾ ਹੈ।ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ ਨੇ ਦੱਸਿਆ ਕਿ ਦਾਖਲੇ ਵਧਾਉਣ ਦੀ ਹੋੜ ਵਿੱਚ ਪੰਜਾਬ ਭਰ ਵਿੱਚੋਂ ਅੱਵਲ ਆਉਣ ਦੇ ਚੱਕਰ ਵਿੱਚ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਹਰੇਕ ਅਧਿਆਪਕ ਨੂੰ ਹਰ ਹਾਲਤ ਵਿੱਚ ਇੱਕ ਜਾਂ ਦੋ ਬੱਚੇ ਦਾਖਲ ਕਰਵਾਉਣ ਲਈ ਬੇਲੋੜਾ ਦਬਾਅ ਪਾਇਆ ਜਾ ਰਿਹਾ ਹੈ।
ਵਿਦਿਆਰਥੀ ਬਣੇ ਮਾਨਸਿਕ ਰੋਗੀ
ਮੋਗਾ (ਨਿੱਜੀ ਪੱਤਰ ਪ੍ਰੇਰਕ): ਲੌਕਡਾਊਨ ਦੌਰਾਨ ਸਕੂਲਾਂ ਦੇ ਬੰਦ ਹੋਣ ਕਾਰਨ ਆਨਲਾਈਨ ਪੜ੍ਹਾਈ ਨੇ ਵਿਦਿਆਰਥੀ ਮਾਨਿਸਕ ਰੋਗੀ ਬਣਾ ਦਿੱਤੇ ਹਨ। ਮਾੜੀ ਆਰਥਿਕਤਾ ਵਾਲੇ ਪਰਿਵਾਰਾਂ ਦੇ ਬੱਚੇ ਲੋੜੀਂਦੇ ਸਮਾਰਟ ਫੋਨ, ਲੈਪਟਾਪ ਆਦਿ ਖਰੀਦ ਨਹੀਂ ਸਕੇ ਅਤੇ ਕਈ ਖੁਦਕੁਸ਼ੀ ਕਰ ਗਏ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾਈ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਆਨਲਾਈਨ ਪੜ੍ਹਾਈ ਮੁਹਿੰਮ ਵਿਦਿਆਰਥੀਆਂ ਲਈ ਵਰਦਾਨ ਦੀ ਬਜਾਏ ਨੁਕਸਾਨਦੇਹ ਸਾਬਤ ਹੋ ਰਹੀ ਹੈ ਤੇ ਇਸ ਦਾ ਪ੍ਰਭਾਵ ਮਾੜੀ ਆਰਥਿਕਤਾ ਵਾਲੇ ਬੱਚਿਆਂ ’ਤੇ ਵਧੇਰੇ ਪਿਆ ਹੈ।