ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 14 ਅਗਸਤ
ਮੁਕਤਸਰ ਜ਼ਿਲ੍ਹੇ ਦੇ ਬਸ਼ਿੰਦੇ ਅਤੇ ਪੰਜਾਬ ਪੁਲੀਸ ਦੇ ਸੀਆਈਡੀ ਵਿੰਗ ਵਿੱਚ ਉਪ ਕਪਤਾਨ ਪੁਲੀਸ ਵਜੋਂ ਤਾਇਨਾਤ ਪਰਮਿੰਦਰ ਸਿੰਘ ਨੂੰ ਗ੍ਰਹਿ ਵਿਭਾਗ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਸੁਤੰਤਰਤਾ ਦਿਹਾੜੇ ਮੌਕੇ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪਰਮਿੰਦਰ ਸਿੰਘ ਦੀ ਇਸ ਪ੍ਰਾਪਤੀ ਨੂੰ ਲੈ ਕੇ ਉਨ੍ਹਾਂ ਦੇ ਜੱਦੀ ਪਿੰਡ ਭਾਗੂ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਪਰਮਿੰਦਰ ਸਿੰਘ ਸਾਲ 1991 ਵਿੱਚ ਬਤੌਰ ਏਐੱਸਆਈ ਭਰਤੀ ਹੋਏ ਸਨ।
ਐੱਸਐੱਸਪੀ ਸੰਦੀਪ ਗੋਇਲ ਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਪੁਰਸਕਾਰ ਲਈ ਚੋਣ
ਧਨੌਲਾ (ਪੱਤਰ ਪ੍ਰੇਰਕ): ਆਜ਼ਾਦੀ ਦਿਵਸ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਮੈਡਲ ਫ਼ਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ ਤਹਿਤ ਦੇਸ਼ ਦੇ 152 ਪੁਲੀਸ ਅਧਿਕਾਰੀਆਂ ਨੂੰ ਜਿੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਮੌਕੇ ਪੰਜਾਬ ਤੋਂ ਚੁਣੇ ਦੋਵੇਂ ਪੁਲੀਸ ਅਧਿਕਾਰੀ ਐੱਸਐੱਸਪੀ ਸੰਦੀਪ ਗੋਇਲ ਤੇ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ। ਪਿਛਲੇ ਦਿਨੀਂ ਬਰਨਾਲਾ ਵਿੱਚ ਸ਼ਹੀਦੀ ਸਮਾਰਕ ਯਾਦਗਾਰ ਦਾ ਉਦਘਾਟਨ ਕਰਨ ਪੁੱਜੇ ਪੰਜਾਬ ਪੁਲੀਸ ਮੁਖੀ ਨੇ ਦੋਵਾਂ ਹੀ ਪੁਲੀਸ ਅਧਿਕਾਰੀਆਂ ਦੀ ਸਿਫ਼ਤ ਕੀਤੀ ਸੀ। ਇਨ੍ਹਾਂ ਅਧਿਕਾਰੀਆਂ ਵੱਲੋਂ ਪੰਜਾਬ ’ਚ ਹੀ ਨਹੀਂ ਬਲਕਿ ਪੂਰੇ ਦੇਸ਼ ’ਚੋਂ ਸਭ ਤੋਂ ਵੱਡੀ ਨਸ਼ੇ ਦੀ ਖੇਪ ਤੇ ਡਰੱਗ ਮਨੀ ਬਰਾਮਦ ਕਰ ਨਸ਼ਾ ਸਪਲਾਈ ਦੀ ਚੇਨ ਤੋੜ ਕੇ ਦਿੱਲੀ, ਆਗਰਾ ਗੈਂਗ ਨੂੰ ਫੜ੍ਹਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ।