ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਸਤੰਬਰ
ਇੱਥੇ ਮਹਿਣਾ ਪੁਲੀਸ ਨੇ ਪੰਜਾਬ ਪੁਲੀਸ ਦੀ ਵਰਦੀ ’ਚ ਨਸ਼ਾ ਤਸਕਰੀ ਕਰਨ ਵਾਲਾ ਗਰੋਹ ਬੇਨਕਾਬ ਕੀਤਾ ਹੈ। ਪੁਲੀਸ ਛਾਪੇ ਤੋਂ ਪਹਿਲਾਂ ਪੁਲੀਸ ਦੀ ਵਰਦੀ ’ਚ ਨਸ਼ਾ ਤਸਕਰਾਂ ਦੀ ਟੀਮ ਅਸਲੀ ਪੁਲੀਸ ਨੂੰ ਦੇਖ ਫ਼ਰਾਰ ਹੋ ਗਈ। ਮਹਿਣਾ ਪੁਲੀਸ ਨੇ ਮੌਕੇ ਤੋਂ ਬਰਾਮਦ ਟਰੱਕ ’ਚੋਂ ਐੱਸਆਈ, ਏਐੱਸਆਈ ਤੇ ਝਾਲਰ ਪੱਗਾਂ ਸਣੇ ਸਿਪਾਹੀਆਂ ਦੀਆਂ ਵਰਦੀਆਂ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ।
ਡੀਐੱਸਪੀ ਧਰਮਕੋਟ ਸੁਬੇਗ ਸਿੰਘ ਅਤੇ ਥਾਣਾ ਮਹਿਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਕੁਲਵੰਤ ਸਿੰਘ ਨੂੰ ਮਿਲੀ ਸੂਚਨਾ ਦੇ ਆਧਾਰ ਉੱਤੇ ਦੋ ਸਕੇ ਭਰਾਵਾਂ ਦਰਸ਼ਨ ਸਿੰਘ ਉਰਫ਼ ਰਾਜੂ ਅਤੇ ਬਲਵੰਤ ਸਿੰਘ ਪਿੰਡ ਫ਼ਤਿਹਗੜ੍ਹ ਕੋਰੋਟਾਣਾ (ਧਰਮਕੋਟ) ਅਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦਰਸ਼ਨ ਸਿੰਘ ਉਰਫ਼ ਰਾਜੂ ਖ਼ਿਲਾਫ਼ ਪਹਿਲਾਂ ਵੀ ਤਸਕਰੀ ਦੇ ਕੇਸ ਅਦਾਲਤ ’ਚ ਵਿਚਾਰਅਧੀਨ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛਾਪਾ ਮਾਰ ਕੇ ਉੱਥੋਂ ਸੋਨਾਲੀਕਾ ਟਰੈਕਟਰ ਅਤੇ ਟਰੱਕ ਬਰਾਮਦ ਕੀਤਾ। ਟਰੱਕ ਵਿੱਚ ਭੁੱਕੀ ਲਿਆਉਣ ਲਈ ਵਿਸ਼ੇਸ਼ ਕੈਬਿਨ ਬਣਾਇਆ ਹੋਇਆ ਸੀ। ਟਰੱਕ ’ਚੋਂ ਐੱਸਆਈ, ਏਐੱਸਆਈ ਤੇ ਝਾਲਰ ਪੱਗਾਂ ਸਣੇ ਸਿਪਾਹੀਆਂ ਦੀਆਂ ਵਰਦੀਆਂ, ਬਿਲਟ, 3 ਰੌਂਦ ਸਣੇ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮ ਪੁਲੀਸ ਛਾਪੇ ਤੋਂ ਪਹਿਲਾਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਗਰੋਹ ਦਾ ਸਰਗਨਾ ਦਰਸ਼ਨ ਸਿੰਘ ਉਰਫ਼ ਰਾਜੂ ਥਾਣੇਦਾਰ ਦੀ ਭੂਮਿਕਾ ਵਿੱਚ ਅਤੇ ਦੂਜੇ ਮੁਲਜ਼ਮ ਏਐੱਸਆਈ ਤੇ ਸਿਪਾਹੀ ਦੀ ਭੂਮਿਕਾ ਵਿੱਚ ਦੱਸੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਆਪਣੇ ਵਾਹਨਾਂ ਉੱਤੇ ਨਕਲੀ ਰਜਿਸਟਰੇਸ਼ਨ ਨੰਬਰ ਲਗਾ ਕੇ ਅਤੇ ਪੰਜਾਬ ਪੁਲੀਸ ਵਰਦੀ ’ਚ ਭੋਲੇ ਭਾਲੇ ਲੋਕਾਂ ਨੂੰ ਨਾਕੇਬੰਦੀ ਕਰਕੇ ਠੱਗੀਆਂ ਮਾਰਦੇ ਸਨ। ਜਾਂਚ ਅਧਿਕਾਰੀ ਥਾਣੇਦਾਰ ਜਗਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਉੱਤੇ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਕੌਡਾ ਚਾਲਕ ਨੇ ਪੁਲੀਸ ਨਾਕਾ ਤੋੜ ਕੇ ਗੱਡੀ ਭਜਾਈ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਜਲਾਲਾਬਾਦ ਦੇ ਪਿੰਡ ਸੁਖੇਰਾ ਬੋਦਲਾ ਨੇੜੇ ਨਾਕੇ ਦੌਰਾਨ ਸਕੌਡਾ ਕਾਰ ਚਾਲਕ ਵੱਲੋਂ ਨਾਕਾ ਤੋੜ ਕੇ ਗੱਡੀ ਭਜਾਉਣ ਤੇ ਬਾਅਦ ’ਚ ਪਿੱਛਾ ਕਰਨ ’ਤੇ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਤੇ ਉਨ੍ਹਾਂ ਦੀ ਗੱਡੀ ਨੁੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲੀਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਧਾਰਾ 307, 353, 186, 332 ਤੇ 427 ਅਧੀਨ ਕੇਸ ਦਰਜ ਕੀਤਾ ਹੈ। ਸਬ ਇੰਸਪੈਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਪਿੰਡ ਸੁਖੇਰਾ ਬੋਦਲਾ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਇਸ ਦੌਰਾਨ ਇਕ ਸਕੌਡਾ ਗੱਡੀ (ਨੰਬਰ ਡੀਐਲ-4ਸੀ-ਐਨਏ 2017) ਰੰਗ ਸਿਲਵਰ ਤੇਜ਼ ਰਫਤਾਰ ਆਉਂਦੀ ਦਿਖਾਈ ਦਿੱਤੀ। ਪੁਲੀਸ ਮੁਲਾਜ਼ਮਾਂ ਨੇ ਊਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਕਾਰ ਚਾਲਕ ਨੇ ਇਕ ਵਾਰ ਗੱਡੀ ਦੀ ਰਫਤਾਰ ਹੌਲੀ ਕੀਤੀ ਪਰ ਅਚਾਨਕ ਹੀ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਬੈਰੀਕੇਡ ਤੋੜ ਕੇ ਗੱਡੀ ਭਜਾ ਲਈ। ਸ਼ੱਕ ਹੋਣ ’ਤੇ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪਿੱਛਾ ਕਰਨ ’ਤੇ ਕਾਰ ਚਾਲਨ ਨੇ ਕਾਲੂ ਵਾਲਾ ਨਹਿਰ ਨੇੜੇ ਕੱਟ ਮਾਰਿਆ ਅਤੇ ਦੋਵੇਂ ਗੱਡੀਆਂ ਸਾਈਡ ’ਤੇ ਜਾ ਲੱਗੀਆਂ। ਇਸ ਦੌਰਾਨ ਸਰਕਾਰੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਇਕ ਗੁਰਪ੍ਰੀਤ ਸਿੰਘ ਤੇ ਹੋਰ ਕੁਝ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆ ਹਨ। ਇਸ ਤੋਂ ਬਾਅਦ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ।