ਇਕਬਾਲ ਸ਼ਾਂਤ
ਲੰਬੀ, 9 ਜੂਨ
ਪਿੰਡ ਸਹਿਣਾਖੇੜਾ ਦੇ ਸ਼ਮਸ਼ਾਨਘਾਟ ’ਚੋਂ ਨਸ਼ੇੜੀ ਚੋਰ ਸਸਕਾਰ ਵਾਲੀ ਭੱਠੀ ਦੀਆਂ ਲੋਹੇ ਦੀਆਂ ਗਰਿੱਲਾਂ ’ਚੋਂ ਡੇਢ ਦਰਜਨ ਸਰੀਏ ਪੁੱਟ ਕੇ ਲੈ ਗਏ। ਚੋਰ ਨਸ਼ੇੜੀਆਂ ਨੇ ਵਾਰਦਾਤ ਚੋਰੀ ਨੂੰ ਪੂਰੀ ਲਗਨ ਤੇ ਇਮਾਨਦਾਰੀ ਨਾਲ ਅੰਜਾਮ ਦਿੱਤਾ। ਚੋਰਾਂ ਨੇ ਪਹਿਲਾਂ ਭੱਠੀ ਅੰਦਰ ਲੱਗੀਆਂ ਗਰਿੱਲਾਂ ਵਿਚਲੇ ਲੋਹੇ ਦੇ ਸਰੀਏ ਨੂੰ ਕੱਟਿਆ। ਫੇਰ ਅੰਤਿਮ ਸੰਸਕਾਰ ਦੀ ਦਿੱਕਤ ਨੂੰ ਭਾਂਪਦੇ ਉਸ ਵਿੱਚੋਂ ਅੱਧੀਆਂ ਗਰਿੱਲਾਂ ਕੱਢ ਲਈਆਂ ਤੇ ਬਾਕੀ ਬਚੀਆਂ ਅੱਧੀਆਂ ਨੂੰ ਵਾਪਸ ਲਾ ਦਿੱਤਾ। ਇਹ ਭੱਠੀਆਂ ਸਾਬਕਾ ਅਕਾਲੀ ਸਰਕਾਰ ਸਮੇਂ ਘੱਟ ਲੱਕੜ ਨਾਲ ਸਸਕਾਰ ਕਰਨ ਖਾਤਰ ਬਣਾਈਆਂ ਗਈਆਂ ਸਨ। ਸਹਿਣਾਖੇੜਾ ਚਿੱਟਾ ਨਸ਼ੇ ਦੀ ਤਸਕਰੀ ਕਾਰਨ ਬਦਨਾਮ ਹੈ। ਬਹੁਤ ਸਾਰੇ ਪਿੰਡਾਂ ਦੇ ਲੋਕ ਕਾਰਾਂ ’ਤੇ ਇੱਥੋਂ ਨਸ਼ਾ ਖਰੀਦਣ ਆਉਂਦੇ ਹਨ। ਨਸ਼ਾ ਤਸਕਰੀ ਨਾਲ ਕਈ ਵਿਹਲੜ ਲੋਕਾਂ ਦੀ ਜ਼ਿੰਦਗੀ ’ਚ ਲੱਗੇ ਰੰਗ-ਭਾਗ ਸਾਫ਼ ਵਿਖਾਦੇ ਹਨ, ਜਿਹੜੇ ਐੱਸਟੀਐੱਫ਼ ਤੇ ਪੁਲੀਸ ਨੂੰ ਨਹੀਂ ਵਿਖਾਈ ਨਹੀਂ ਦੇ ਰਹੇ। ਸਹਿਣਾਖੇੜਾ ਦਾ ਸ਼ਮਸ਼ਾਨਘਾਟ ਨਸ਼ੇੜੀਆਂ ਲਈ ਨਸ਼ਾ ਕੇਂਦਰ ਬਣਿਆ ਹੋਇਆ ਹੈ। ਇੱਥੇ ਨਸ਼ੇੜੀ ਅਕਸਰ ਨਸ਼ਾ ਕਰਦੇ ਵੇਖੇ ਜਾਂਦੇ ਹਨ। ਪਿੰਡ ਵਾਸੀਆਂ ਨੂੰ ਸ਼ਮਸ਼ਾਨਘਾਟ ਵਿਚੋਂ ਨਸ਼ੇ ਦੀਆਂ ਖੁਰਾਕਾਂ ਲਈ ਵਰਤੀਆਂ ਕਾਫ਼ੀ ਸਰਿੰਜਾਂ, ਸੂਈਆਂ ਵੀ ਬਰਾਮਦ ਹੋਈਆਂ ਹਨ। ਪਿੰਡ ਵਾਸੀਆਂ ਅਨੁਸਾਰ ਕਾਂਗਰਸੀ ਔਰਤ ਸਰਪੰਚ ਦੇ ਲੜਕੇ ਭਾਰਤ ਸਿੰਘ ਨੇ ਉਕਤ ਚੋਰੀ ਖ਼ਿਲਾਫ਼ ਗੁਰਦੁਆਰਾ ਸਾਹਿਬ ਤੋਂ ਹੋਕਾ ਦਿਵਾ ਕੇ ਹਰ ਘਰ ਵਿੱਚੋਂ ਇੱਕ ਮੈਂਬਰ ਪੁੱਜਣ ਦੀ ਸੱਦਾ ਦਿੱਤਾ ਸੀ।
ਖੁਸ਼ਵੀਰ ਨੇ ਦੱਸਿਆ ਕਿ ਹੋਕਾ ਦਿਵਾਉਣ ਮਗਰੋਂ ਕਾਫ਼ੀ ਪਿੰਡ ਵਾਸੀ ਗੁਰਦੁਆਰੇ ਪੁੱਜ ਗਏ ਪਰ ਵਾਲਾ ਭਾਰਤ ਸਿੰਘ ਨਾ ਤਾਂ ਖੁਦ ਗੁਰਦੁਆਰੇ ਆਇਆ ਤੇ ਨਾ ਹੀ ਕੋਈ ਪੰਚਾਇਤ ਨੁਮਾਇੰਦਾ ਗੁਰਦੁਆਰੇ ਪੁੱਜਿਆ। ਆਮ ਲੋਕ ਵੀ ਸਰਕਾਰ ਵੱਲੋਂ ਕਾਰਵਾਈ ਨਾ ਹੋਣ ਕਰਕੇ ਤਸਕਰਾਂ ਨਾਲ ਸਿੱਧਾ ਆਹੜਾ ਲਗਾਉਣ ਤੋਂ ਗੁਰੇਜ਼ ਕਰਦੇ ਹਨ। ਪਿੰਡ ਦੇ ਲੋਕਾਂ ਨੇ ਗਰਾਮ ਪੰਚਾਇਤ ਨੂੰ ਪੱਕੇ ਪੈਰੀਂ ਤੇ ਵਗੈਰ ਡਰੇ ਨਸ਼ਿਆਂ ਖ਼ਿਲਾਫ਼ ਡਟਣ ਦੀ ਅਪੀਲ ਕੀਤੀ ਹੈ।