ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ
ਕਰੋੜਾਂ ਦੀ ਕਮਾਈ ਕਰਨ ਵਾਲੇ ਟਰਾਂਸਪੋਰਟ ਵਿਭਾਗ ਨੇ ਆਪਣੇ ਮੁਕਤਸਰ ਸਥਿਤ ਡਰਾਈਵਿੰਗ ਟਰੇਨਿੰਗ ਸੈਂਟਰ ਦਾ 25 ਲੱਖ ਰੁਪਏ ਬਿੱਲ ਨਹੀਂ ਭਰਿਆ, ਜਿਸ ਕਰਕੇ ਬਿਜਲੀ ਵਾਲਿਆਂ ਨੇ ਸੈਂਟਰ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਦਾ ਖਮਿਆਜ਼ਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੌ ਕਿਲੋਮੀਟਰ ਦੂਰ ਤੱਕ ਤੋਂ ਆਉਣ ਵਾਲੇ ਬਾਸ਼ਿੰਦਿਆਂ ਨੂੰ ਭੁਗਤਣਾ ਪੈ ਰਿਹਾ ਹੈ। ਸਿਤਮ ਦੀ ਗੱਲ ਇਹ ਹੈ ਕਿ ਵਿਭਾਗ ਵੱਲੋਂ ਬਿਜਲੀ ਨਾ ਹੋਣ ਕਰਕੇ ਟੈਸਟ ਨਾ ਲੈਣ ਸਬੰਧੀ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸੌ ਕਿਲੋਮੀਟਰ ਦੂਰ ਪਿੰਡ ਖਿਓਵਾਲੀ, ਵੜਿੰਗ ਖੇੜਾ ਆਦਿ ਤੋਂ ਆਏ ਲਵਪ੍ਰੀਤ ਸਿੰਘ ਤੇ ਗੁਰਵੀਰ ਸਿੰਘ ਨੇ ਦੱਸਿਆ ਕਿ ਉਹ ਡਰਾਈਵਿੰਗ ਟੈਸਟ ਦੇਣ ਲਈ ਆਪੋ ਆਪਣੀਆਂ ਕਾਰਾਂ ਲੈ ਕੇ ਆਏ ਹਨ ਤੇ ਉਨ੍ਹਾਂ ਦਾ ਦੋ ਹਜ਼ਾਰ ਰੁਪਏ ਦਾ ਤੇਲ ਮੱਚ ਗਿਆ ਹੈ ਪਰ ਟੈਸਟ ਨਹੀਂ ਹੋਇਆ। ਲੋਕਾਂ ਨੇ ਦੱਸਿਆ ਕਿ ਪਹਿਲਾਂ ਤਾਂ ਟੈਸਟ ਦੇਣ ਵਾਲਾ ਖ਼ੁਦ ਦੇ ਜੈਨਰੇਟਰ ਦਾ ਪ੍ਰਬੰਧ ਕਰ ਲੈਂਦਾ ਸੀ ਪਰ ਹੁਣ ਉਹ ਵੀ ਬੰਦ ਕਰ ਦਿੱਤਾ ਹੈ। ਡਰਾਈਵਿੰਗ ਟੈਸਟ ਲਈ ਜੋ ਆਨਲਾਈਨ ਸਿਸਟਮ ਹੈ, ਉਸ ਦੇ ਕੈਮਰੇ, ਕੰਪਿਊਟਰ ਆਦਿ ਬਿਜਲੀ ਨਾ ਹੋਣ ਕਰਕੇ ਬੰਦ ਹਨ। ਇਹੀ ਸਮੱਸਿਆ ਵਾਹਨਾਂ ਦੇ ਚਲਾਨ ਭੁਗਤਣ ਵਾਲੇ ਲੋਕਾਂ ਨੂੰ ਆ ਰਹੀ ਹੈ। ਉਨ੍ਹਾਂ ਦੇ ਚਲਾਨ ਵੀ ਨਹੀਂ ਭੁਗਤਾਏ ਜਾ ਰਹੇ। ਲੋਕਾਂ ਦੀ ਮੰਗ ਹੈ ਕਿ ਟਰੇਨਿੰਗ ਸੈਂਟਰ ਦੀ ਬਿਜਲੀ ਦਾ ਸਥਾਈ ਪ੍ਰਬੰਧ ਕੀਤਾ ਜਾਵੇ।
ਆਰਟੀਏ ਫ਼ਰੀਦਕੋਟ ਪਰਮਦੀਪ ਸਿੰਘ ਨੇ ਕਿਹਾ ਕਿ ਮੁਕਤਸਰ ਦੇ ਟਰੇਨਿੰਗ ਸੈਂਟਰ ਦਾ ਬਿਜਲੀ ਕੁਨੈਕਸ਼ਨ ਪਹਿਲਾਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦੇ ਨਾਮ ਸੀ ਪਰ ਹੁਣ ਇਹ ਪੋਸਟ ਖਤਮ ਹੋ ਗਈ ਹੈ। ਇਸ ਕਰਕੇ ਕੁਨੈਕਸ਼ਨ ਆਰਟੀਏ ਦੇ ਨਾਮ ਤਬਦੀਲ ਕਰਨ ਲਈ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਨੂੰ ਲਿਖ ਦਿੱਤਾ ਹੈ ਤੇ ਨਾਮ ਬਦਲੀ ਹੁੰਦਿਆਂ ਹੀ ਬਿੱਲ ਭਰ ਦਿੱਤਾ ਜਾਵੇਗਾ। ਮੁਕਤਸਰ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਮਸਲਾ ਜਲਦੀ ਹੱਲ ਕਰਾਉਣ ਦਾ ਭਰੋਸਾ ਦਿੱਤਾ ਹੈ।