ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 3 ਜੁਲਾਈ
ਪਿੰਡ ਕੇਸਰ ਸਿੰਘ ਵਾਲਾ ਦਾ ਜਲ ਘਰ ਪਿਛਲੇ ਲਗਭਗ ਪੰਜ ਮਹੀਨਿਆਂ ਤੋਂ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ ਪਏ ਹਨ।
ਜਾਣਕਾਰੀ ਅਨੁਸਾਰ ਇਹ ਜਲ ਘਰ ਨਹਿਰੀ ਪਾਣੀ ’ਤੇ ਨਿਰਭਰ ਹੈ ਤੇ ਲਗਭਗ ਪੰਜ ਮਹੀਨੇ ਪਹਿਲਾਂ ਪਾਣੀ ਨੂੰ ਟੈਂਕੀ ਵਿੱਚ ਚੜਾਉਣ ਵਾਲੀ ਮੋਟਰ ਚੋਰੀ ਹੋਣ ਮਗਰੋਂ ਜਲ ਘਰ ਬੰਦ ਪਿਆ ਹੈ। ਆਮ ਆਦਮੀ ਪਾਰਟੀ ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਬੰਦ ਪਿਆ ਇਹ ਜਲ ਘਰ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਿਹਾ ਹੈ। ਜਲ ਘਰ ਦੇ ਮੁੱਖ ਕਮਰੇ ਦੀਆਂ ਬਾਰੀਆਂ ਤੇ ਦਰਵਾਜ਼ੇ ਟੁੱਟੇ ਪਾਏ ਹਨ। ਮੁੱਖ ਸਟੋਰ ਟੈਂਕ ਵਿੱਚ ਗੰਦਾ ਪਾਣੀ ਭਰ ਚੁੱਕਾ ਹੈ। ਪੰਜ ਮਹੀਨਿਆਂ ਬਾਅਦ ਵੀ ਪ੍ਰਸ਼ਾਸਨ ਨੇ ਚੋਰੀ ਹੋਈ ਮੋਟਰ ਦਾ ਪ੍ਰਬੰਧ ਕਰਕੇ ਇਸ ਨੂੰ ਚਾਲੂ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ, ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਗਏ ਇਸ ਜਲ ਘਰ ਦੀ ਸੰਭਾਲ ਨਾ ਕੀਤੀ ਤਾਂ ਇਸ ਦੀ ਹਾਲਤ ਹੋਰ ਵੀ ਖ਼ਸਤਾ ਹੋ ਜਾਵੇਂਗੀ।
ਸ੍ਰੀ ਭੱਲਾ ਨੇ ਦੱਸਿਆ ਕਿ ਪਿੰਡ ਵਿੱਚ ਜਲ ਘਰ ਤੋਂ ਇਲਾਵਾ ਲੋਕਾਂ ਨੂੰ ਪੀਣਯੋਗ ਪਾਣੀ ਦੀ ਸਹੂਲਤ ਲਈ ਲਗਾਇਆ ਆਰਓ ਵੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਲੋਕਾਂ ਨੂੰ ਪਾਣੀ ਦੀ ਸਖਤ ਜ਼ਰੂਰਤ ਹੈ, ਇਸ ਲਈ ਜੇਕਰ ਇਸ ਜਲ ਘਰ ਨੂੰ ਜਲਦੀ ਚਾਲੂ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਸਬੰਧਤ ਅਧਿਕਾਰੀਆਂ ਦਾ ਘਿਰਾਓ ਕਰੇਗੀ।